Skip to main content

ਜਲੰਧਰ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦੋਸ਼ ਲਾਇਆ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਅੱਜ ਜਲੰਧਰ ਪਾਰਲੀਮਾਨੀ ਹਲਕੇ ਦੀ ਜ਼ਿਮਨੀ ਚੋਣ ਨੂੰ ਪ੍ਰਭਾਵਤ ਕਰਨ ਵਾਸਤੇ ਰੱਜ ਕੇ ਗੁੰਡਾਗਰਦੀ ਕੀਤੀ ਤੇ ਇਸਦੇ ਵਿਧਾਇਕ ਤੇ ਵਰਕਰ ਸਾਰਾ ਦਿਨ ਵੋਟਰਾਂ ਨੂੰ ਪ੍ਰਭਾਵਤ ਕਰਦੇ ਵੇਖੇ ਗਏ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਆਪ ਦੇ ਮੰਤਰੀ ਤੇ ਵਿਧਾਇਕ ਸ਼ਰ੍ਹੇਆਮ ਜਲੰਧਰ ਵਿਚ ਘੁੰਮਦੇ ਵੇਖੇ ਗਏ। ਉਹਨਾਂ ਕਿਹਾ ਕਿ ਜਲੰਧਰ ਦੇ ਬਾਹਰੋਂ ਲਿਆਂਦੇ ਪਾਰਟੀ ਵਰਕਰ ਵੀ ਪਿੰਡਾਂ ਤੇ ਸ਼ਹਿਰਾਂ ਵਿਚ ਬੂਥਾਂ ’ਤੇ ਬੈਠੇ ਅਤੇ ਲਾਲਚ ਦੇ ਕੇ ਵੋਟਰਾਂ ਨੂੰ ਪ੍ਰਭਾਵਤ ਕਰਦੇ ਵੇਖੇ ਗਏ।

ਉਹਨਾਂ ਮੰਗ ਕੀਤੀ ਕਿ ਅਜਿਹੇ ਸਾਰੇ ਆਗੂਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਇਲਾਕੇ ਵਿਚ ਮੁੜ ਪੋਲਿੰਗ ਕਰਵਾਈ ਜਾਵੇ ਜਿਥੇ ਚੋਣ ਪ੍ਰਕਿਰਿਆ ਪ੍ਰਭਾਵਤ ਹੋਈ ਹੈ। ਉਹਨਾਂ ਕਿਹਾ ਕਿ ਸ਼ੁਰੂਆਤੀ ਘੰਟਿਆਂ ਵਿਚ ਤਾਂ ਪੁਲਿਸ ਨੇ ਹਲਕੇ ਵਿਚ ਮੂਕ ਦਰਸ਼ਕ ਬਣ ਕੇ ਸੱਤਾਧਾਰੀ ਪਾਰਟੀ ਦੀ ਸਿੱਧੇ ਤੌਰ ’ਤੇ ਮਦਦ ਕੀਤੀ।

ਡਾ. ਚੀਮਾ ਨੇ ਕਿਹਾ ਕਿ ਵਿਧਾਇਕ ਤੇ ਆਗੂਆਂ ਦੀ ਹਾਜ਼ਰੀ ਹੀ ਨਹੀਂ ਬਲਕਿ ਆਪ ਵਰਕਰਾਂ ਨੂੰ ਵੋਟਰਾਂ ਨੂੰ ਪੈਸੇ ਵੰਡਦੇ ਵੇਖਿਆ ਗਿਆ ਤਾਂ ਜੋ ਵੋਟਰਾਂ ਨੂੰ ਸੱਤਾਧਾਰੀ ਪਾਰਟੀ ਦੇ ਹੱਕ ਵਿਚ ਵੋਟਾਂ ਪਾਉਣ ਲਈ ਪ੍ਰਭਾਵਤ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਜਲੰਧਰ ਪਾਰਲੀਮਾਨੀ ਹਲਕੇ ਵਿਚ ਬਾਹਰੋਂ ਵੱਡੀ ਗਿਣਤੀ ਵਿਚ ਵਰਕਰ ਪੋਲਿੰਗ ਬੂਥਾ ’ਤੇ ਵੇਖੇ ਗਏ ਪਰ ਮੁੱਖ ਚੋਣ ਅਫਸਰ ਨੇ ਇਹਨਾਂ ਖਿਲਾਫ ਸਖ਼ਤ ਕਾਰਵਾਈ ਕਰਨ ਵਾਸਤੇ ਕੱਖ ਨਹੀਂ ਕੀਤਾ। ਉਹਨਾਂ ਕਿਹਾ ਕਿ ਹਲਕੇ ਦੇ ਰਿਟਰਨਿੰਗ ਅਫਸਰ ਨੇ ਵੀ ਭਾਰਤੀ ਚੋਣ ਕਮਿਸ਼ਨ ਵੱਲੋਂ ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਉਣ ਵਾਸਤੇ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਦੇ ਮਾਮਲੇ ਵਿਚ ਅਕਾਲੀ ਦਲ ਵੱਲੋਂ ਵਾਰ ਵਾਰ ਕੀਤੀਆਂ ਸ਼ਿਕਾਇਤਾਂ ’ਤੇ ਕੱਖ ਨਹੀਂ ਕੀਤਾ

ਡਾ. ਚੀਮਾ ਨੇ ਇਹ ਵੀ ਮੰਗ ਕੀਤੀ ਕਿ ਇਸ ਕੁਤਾਹੀ ਲਈ ਅਫਸਰਾਂ ਤੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਤੇ ਉਹਨਾਂ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ।

ਉਹਨਾਂ ਕਿਹਾ ਕਿ ਇਸ ਚੋਣ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਰਵੱਈਏ ਤੋਂ ਸਪਸ਼ਟ ਹੋ ਗਿਆ ਹੈ ਕਿ ਆਪ ਸਰਕਾਰ ਬੌਖਲਾ ਗਈ ਹੈ ਤੇ ਸਾਰਾ ਦਿਨ ਇਸਦੇ ਰਵੱਈਏ ਤੋਂ ਇਹ ਸਪਸ਼ਟ ਹੁੰਦਾ ਰਿਹਾ।

Leave a Reply