Skip to main content

ਫਿਲੌਰ: ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਮਜ਼ਬੂਤ ਕਰਨ ਲਈ ਪਾਰਟੀ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਵੋਟਾਂ ਪਾਉਣ ਦਾ ਸੱਦਾ ਦਿੱਤਾ। ਉਨ੍ਹਾਂ ਲੋਕਾਂ ਦੀ ਇਕ ਵੱਡੀ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ, “ਜਲੰਧਰ ਉਪ ਚੋਣ ਪੰਜਾਬ ਵਿੱਚ 2024 ਦੀਆਂ ਆਮ ਚੋਣਾਂ ਲਈ ਸੁਰ ਤੈਅ ਕਰੇਗੀ ਜੋਕਿ ਦੇਸ਼ ਦੇ ਭਵਿੱਖ ਲਈ ਬਹੁਤ ਮਹੱਤਵਪੂਰਨ ਹਨ।”

ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਆਲਮੀ ਅਤੇ ਘਰੇਲੂ ਪੱਧਰ ‘ਤੇ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਲਈ ਘੱਟੋ-ਘੱਟ ਪੰਜ ਸਾਲ ਹੋਰ ਪ੍ਰਧਾਨ ਮੰਤਰੀ ਵਜੋਂ ਮੋਦੀ ਦੀ ਲੋੜ ਹੈ। ਉਨ੍ਹਾਂ ਨੇ ਧਿਆਨ ਦਿਵਾਇਆ, ਪ੍ਰਧਾਨਮੰਤਰੀ ਮੋਦੀ ਦੀ ਅਗਵਾਈ ਵਿੱਚ, ਭਾਰਤ ਨੂੰ ਇੱਕ ਮਹਾਨ ਰਾਸ਼ਟਰ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਭਾਰਤ ਆਪਣੇ ਫੈਸਲੇ ਲੈਣ ਵਿੱਚ ਮਜ਼ਬੂਤ, ਸ਼ਕਤੀਸ਼ਾਲੀ ਅਤੇ ਸੁਤੰਤਰ ਰੂਪ ਵਿੱਚ ਉਭਰਿਆ ਹੈ।

ਕੈਪਟਨ ਅਮਰਿੰਦਰ ਨੇ ਦੱਸਿਆ ਕਿ ਕਿਸ ਤਰ੍ਹਾਂ ਅਮਰੀਕਾ ਵਰਗੇ ਦੂਜੇ ਦੇਸ਼ਾਂ ਦੇ ਮੁਕਾਬਲੇ ਭਾਜਪਾ ਸਰਕਾਰ ਦੌਰਾਨ ਆਰਥਿਕਤਾ ਸਥਿਰ ਹੋਈ ਸੀ, ਜਿੱਥੇ ਕਿ ਦੂਜੇ ਦੇਸ਼ਾਂ ਦੇ ਬੈਂਕ ਕਰੈਸ਼ ਹੋ ਰਹੇ ਸਨ ਅਤੇ ਆਰਥਿਕਤਾ ਬੁਰੀ ਤਰ੍ਹਾਂ ਸੰਕਟ ਵਿੱਚ ਸੀ।

ਉਨ੍ਹਾਂ ਕਿਹਾ, ਦੇਸ਼ ਮਜ਼ਬੂਤ ਹੋ ਕੇ ਉੱਭਰਿਆ ਹੈ ਅਤੇ ਚੀਨ ਅਤੇ ਪਾਕਿਸਤਾਨ ਵਰਗੇ ਆਪਣੇ ਦੁਸ਼ਮਣਾਂ ਦਾ ਡੱਟਕੇ ਸਾਹਮਣਾ ਕਰ ਰਿਹਾ ਹੈ।

ਭਾਜਪਾ ਨੇਤਾ ਨੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਇਹ ਭਾਰੀ ਜਿੱਤ ਅਤੇ ਸ਼ਾਨਦਾਰ ਫਤਵਾ ਮਿਲਣ ਦੇ ਬਾਵਜੂਦ ਲੋਕਾਂ ਦੀਆਂ ਉਮੀਦਾਂ ‘ਤੇ ਪੂਰੀ ਤਰ੍ਹਾਂ ਨਾਲ ਅਸਫਲ ਰਹੀ ਹੈ।

ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਸਰਕਾਰ ਨੂੰ ਦਿੱਲੀ ਤੋਂ ਤਾਨਾਸ਼ਾਹ ਵਲੋਂ ਚਲਾਇਆ ਜਾ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਇਹਨਾਂ ਦੀਆਂ ਤਰਜੀਹਾਂ ਗਲਤ ਅਤੇ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਦੇ ਬਿਲਕੁਲ ਉਲਟ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਤੋਂ ਨੌਜਵਾਨਾਂ ਦੀ ਵੱਡੀ ਪੱਧਰ ‘ਤੇ ਪਲਾਇਨ ਹੋ ਰਹੀ ਹੈ ਕਿਉਂਕਿ ਸੂਬੇ ਵਿੱਚ ਨੌਕਰੀਆਂ ਨਾ ਹੋਣ ਕਾਰਨ ਉਹ ਵਿਦੇਸ਼ਾਂ ਨੂੰ ਜਾ ਰਹੇ ਹਨ। ਉਨ੍ਹਾਂ ਨੇ ‘ਆਪ’ ਸਰਕਾਰ ਨੂੰ ਲੋਕਾਂ ਨੂੰ ਨੌਕਰੀਆਂ ਦੇਣ ਦਾ ਆਪਣਾ ਵਾਅਦਾ ਯਾਦ ਕਰਵਾਇਆ, ਜਿਸ ‘ਚ ਉਹ ਬੁਰੀ ਤਰ੍ਹਾਂ ਫੇਲ੍ਹ ਹੋ ਗਈ ਹੈ।

ਅਟਵਾਲ ਲਈ ਮਜ਼ਬੂਤ ਕੇਸ ਬਣਾਉਂਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਲੋਕਾਂ ਦੀ ਸੇਵਾ ਕਰਨ ਦਾ ਵਿਸ਼ਾਲ ਤਜ਼ਰਬਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਅਟਵਾਲ ਪਰਿਵਾਰ ਨੇ ਦੋ ਪੀੜ੍ਹੀਆਂ ਤੱਕ ਪੰਜਾਬ ਦੇ ਲੋਕਾਂ ਦੀ ਸਾਫ਼-ਸੁਥਰੀ ਅਤੇ ਬੇਦਾਗ ਰਿਕਾਰਡ ਨਾਲ ਸੇਵਾ ਕੀਤੀ ਹੈ।

ਇਸ ਮੌਕੇ ਬੋਲਦਿਆਂ ਅਟਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਦੇ ਵਿਕਾਸ ਅਤੇ ਭਲਾਈ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਵੋਟ ਪਾਉਣ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਦਾ ਭਵਿੱਖ ਹੈ ਕਿਉਂਕਿ ਬਾਕੀ ਸਾਰੇ ਫੇਲ੍ਹ ਹੋ ਚੁੱਕੇ ਹਨ।

Leave a Reply