ਜਲੰਧਰ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੁੱਧਵਾਰ ਨੂੰ ਵਿਧਾਨ ਸਭਾ ਹਲਕਾ ਨਕੋਦਰ ਵਿੱਚ ਪਾਰਟੀ ਉਮੀਦਵਾਰ ਪ੍ਰੋ: ਕਰਮਜੀਤ ਕੌਰ ਚੌਧਰੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ।
ਪੰਜਾਬ ਦੇ ਲੋਕਾਂ ਨੂੰ ਧੋਖਾ ਦੇਣ ਵਾਲੀ ਆਮ ਆਦਮੀ ਪਾਰਟੀ ਦੀ ਆਲੋਚਨਾ ਕਰਦੇ ਹੋਏ ਵੜਿੰਗ ਨੇ ਕਿਹਾ ਕਿ ‘ਆਪ’ ਨੇ ਵੋਟਰਾਂ ਨੂੰ ਕਈ ਸੁਪਨੇ ਦਿਖਾਏ ਅਤੇ ਸੂਬੇ ਵਿੱਚ ਬਦਲਾਅ ਦੇ ਨਾਂਅ ‘ਤੇ ਕਈ ਵਾਅਦੇ ਕੀਤੇ ਪਰ ਇਹ ਸਾਰੇ ਵਾਅਦੇ ਕੇਵਲ ਇਸ਼ਤਿਹਾਰਾਂ ਤੱਕ ਹੀ ਸੀਮਿਤ ਰਹੇ।
‘ਯੇ ਜੋ ਪਬਲਿਕ ਹੈ ਯੇ ਸਬ ਜਾਂਤੀ ਹੈ’ (ਜਨਤਾ ਸਾਰੇ ਭੇਤਾਂ ਤੋਂ ਭਲੀਭਾਂਤ ਜਾਣੂ ਹੈ) ਕਹਿੰਦਿਆਂ ਵੜਿੰਗ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪਹਿਲੇ ਹੀ ਕੁਝ ਮਹੀਨਿਆਂ ਵਿੱਚ ਲੋਕਾਂ ਨੇ ਸੰਗਰੂਰ ਦੀ ਜ਼ਿਮਨੀ ਚੋਣ ਹਰਾ ਕੇ ਉਨ੍ਹਾਂ ਨੂੰ ਸਬਕ ਸਿਖਾ ਦਿੱਤਾ ਸੀ।
ਆਮ ਆਦਮੀ ਪਾਰਟੀ ਦੇ ਗੁੰਮਰਾਹ ਕਰਨ ਵਾਲੇ ਵਾਅਦਿਆਂ, ਝੂਠੀਆਂ ਗਰੰਟੀਆਂ ਤੇ ਦਾਅਵਿਆਂ ਤੋਂ ਦੁਖੀ ਨਕੋਦਰ ਵਾਸੀਆਂ ਨੇ ਆਪਣੀਆਂ ਸ਼ਿਕਾਇਤਾਂ ਅਤੇ ਮਸਲੇ ਕਾਂਗਰਸ ਸੂਬਾ ਪ੍ਰਧਾਨ ਨਾਲ ਸਾਂਝੇ ਕੀਤੇ ਅਤੇ ਕਾਂਗਰਸ ਲੀਡਰਸ਼ਿਪ ‘ਤੇ ਭਰੋਸਾ ਪ੍ਰਗਟਾਇਆ। ਇਲਾਕਾ ਨਿਵਾਸੀਆਂ ਨੇ ਅਗਾਮੀ ਲੋਕ ਸਭਾ ਜ਼ਿਮਨੀ ਚੋਣ ਵਿੱਚ ਕਾਂਗਰਸੀ ਉਮੀਦਵਾਰ ਪ੍ਰੋ: ਕਰਮਜੀਤ ਕੌਰ ਚੌਧਰੀ ਦੇ ਹੱਕ ਵਿੱਚ ਪੂਰਨ ਸਮਰਥਨ ਦੇਣ ਦਾ ਵਾਅਦਾ ਕੀਤਾ।
ਸੂਬਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਫੈਸਲਿਆਂ ਦੀ ਜ਼ੋਰਦਾਰ ਆਲੋਚਨਾ ਕਰਦੇ ਹੋਏ ਵੜਿੰਗ ਨੇ ਕਿਹਾ ਕਿ ‘ਆਪ’ ਲੀਡਰਸ਼ਿਪ ਲੋਕਾਂ ਦੇ ਗੁੱਸੇ ਤੋਂ ਡਰੀ ਹੋਈ ਹੈ ਅਤੇ ਜ਼ਮੀਨੀ ਹਕੀਕਤ ਤੋਂ ਬਹੁਤ ਦੂਰ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ 92 ਸੀਟਾਂ ਜਿੱਤਣ ਵਾਲੀ ਪਾਰਟੀ ਨੂੰ ਆਪਣੇ ਵਲੰਟੀਅਰਾਂ, ਵਰਕਰਾਂ ਜਾਂ ਅਹੁਦੇਦਾਰਾਂ ‘ਚੋਂ ਜਲੰਧਰ ਜ਼ਿਮਨੀ ਚੋਣ ਲਈ ਇੱਕ ਵੀ ਉਮੀਦਵਾਰ ਕਿਉਂ ਨਹੀਂ ਮਿਲਿਆ? ‘ਆਪ’ ਦਾ ਅਸਲੀ ਚਿਹਰਾ ਵੋਟਰਾਂ ਸਾਹਮਣੇ ਬੇਨਕਾਬ ਹੋ ਗਿਆ ਹੈ ਅਤੇ ਇਹੀ ਕਾਰਨ ਹੈ ਕਿ ‘ਆਪ’ ਨੇ ਆਪਣੀ ਨਾਕਾਮੀ ਨੂੰ ਛੁਪਾਉਣ ਲਈ ਬਦਲਾਖ਼ੋਰੀ ਦੀ ਰਾਜਨੀਤੀ ਦਾ ਸਹਾਰਾ ਲਿਆ ਹੈ।
ਅੱਜ ਸ਼ਾਹਕੋਟ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਅਤੇ ਹੋਰ ਰਾਜਾਂ ਵਿੱਚ ਮੀਡੀਆ ਰਾਹੀਂ ਅਤੇ ਅਖਬਾਰਾਂ ਵਿੱਚ ਗੁੰਮਰਾਹ ਕਰਨ ਵਾਲੇ ਇਸ਼ਤਿਹਾਰ ਜਾਰੀ ਕਰਕੇ ਆਪਣਾ ਝੂਠਾ ਪ੍ਰਚਾਰ ਕਰ ਰਹੇ ਹਨ। ਆਪ ਨੇ ਮੀਡੀਆ ਰਾਹੀ ਝੂਠੀ ਖ਼ਬਰ ਫੈਲਾਈ ਸੀ ਕਿ ਸ਼ਾਹਕੋਟ ਦੇ 90 ਸਰਪੰਚ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਹਨ। ਜਦ ਕਿ ਸੂਬਾ ਪ੍ਰਧਾਨ ਨੇ ਸ਼ਾਹਕੋਟ ਦੇ ਉਨ੍ਹਾਂ ਹੀ 41 ਸਰਪੰਚਾਂ ਦੀ ਮੌਜੂਦਗੀ ਵਿੱਚ ਪ੍ਰੈਸ ਕਾਨਫਰੰਸ ਕਰਕੇ ਆਪ ਦੇ ਝੂਠ ਦਾ ਖੰਡਣ ਕੀਤਾ।
ਅਤੇ ਕਿਹਾ ਕਿ ਕਾਂਗਰਸ ਹਮੇਸ਼ਾ ਇੱਕਜੁੱਟ ਹੈ ਅਤੇ ਹਮੇਸ਼ਾ ਰਹੇਗੀ।
ਉਨ੍ਹਾਂ ਅੱਗੇ ਕਿਹਾ ਕਿ ਜਲੰਧਰ ਦੀਆਂ ਚੋਣਾਂ ਤੋਂ ਪਹਿਲਾਂ ਲੋਕ ‘ਆਪ’ ਲੀਡਰਸ਼ਿਪ ਨੂੰ ਉਨ੍ਹਾਂ ਦੇ ਵਾਅਦਿਆਂ ਬਾਰੇ ਸਵਾਲ ਕਰ ਰਹੇ ਹਨ ਤੇ “ਆਪ” ਕੋਲ ਇਹਨਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਹੈ, ਇਸ ਲਈ ਪੰਜਾਬ ਦੇ ਲੋਕ ਇਸ ਜ਼ਿਮਨੀ ਚੋਣ ਵਿੱਚ ‘ਆਪ’ ਨੂੰ ਸਬਕ ਸਿਖਾਉਣਗੇ ਅਤੇ ਕਾਂਗਰਸ ਦੇ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਉਣਗੇ।”
ਇਸ ਮੌਕੇ ਰਾਣਾ ਗੁਰਜੀਤ ਸਿੰਘ ਐਮ.ਐਲ.ਏ ਕਪੂਰਥਲਾ, ਜਸਬੀਰ ਸਿੰਘ ਡਿੰਪਾ ਐਮ.ਪੀ ਖਡੂਰ ਸਾਹਿਬ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਐਮ.ਐਲ.ਏ ਸ਼ਾਹਕੋਟ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਿਧਾਇਕ ਫਤਿਹਗੜ੍ਹ ਚੂੜੀਆਂ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਵਿਧਾਇਕ ਰਾਜਾਸਾਂਸੀ, ਕੁਲਬੀਰ ਸਿੰਘ ਜ਼ੀਰਾ ਸਾਬਕਾ ਵਿਧਾਇਕ ਅਤੇ 41 ਸਰਪੰਚਾਂ ਨੇ ਆਪਣੇ ਸਮਰਥਕਾਂ ਸਮੇਤ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਪ੍ਰੈਸ ਕਾਨਫਰੰਸ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਸਥਾਨਕ ਆਗੂ ਵੀ ਮੌਜੂਦ ਸਨ।