ਚੰਡੀਗੜ੍ਹ: ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸ਼ੁੱਕਰਵਾਰ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅੰਬੇਦਕਰ ਜਯੰਤੀ ਕਾਰਨ ਜਨਤਕ ਛੁੱਟੀ ਵਾਲੇ ਦਿਨ ਵਿਜੀਲੈਂਸ ਬਿਊਰੋ ਦੇ ਦਫ਼ਤਰ ਵਿੱਚ ਤਲਬ ਕਰਨ ਲਈ ਭਗਵੰਤ ਮਾਨ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਹੈ।
“ਇਹ ਇੱਕ ਦਲਿਤ ਆਗੂ ਦਾ ਖੁੱਲ੍ਹਾ ਅਪਮਾਨ ਹੈ। ਉਨ੍ਹਾਂ ਨੇ 20 ਅਪ੍ਰੈਲ ਨੂੰ ਵਿਜੀਲੈਂਸ ਬਿਊਰੋ ਸਾਹਮਣੇ ਪੇਸ਼ ਹੋਣ ਲਈ ਸਮਾਂ ਮੰਗਿਆ ਸੀ। ਵਿਜੀਲੈਂਸ ਬਿਊਰੋ ਉਡੀਕ ਕਿਉਂ ਨਹੀਂ ਕਰ ਸਕਦਾ ਸੀ?” ‘ਬਾਜਵਾ ਨੇ ਕਿਹਾ।
ਬਾਜਵਾ ਨੇ ਅੱਗੇ ਕਿਹਾ ਕਿ ਕੀ ਆਪ ਦੀ ਟਾਪ ਲੀਡਰਸ਼ਿਪ ਜਾਂ ਸ਼ਾਇਦ ਭਗਵੰਤ ਮਾਨ ਵੱਲੋਂ ਕੁੱਝ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਵਿਜੀਲੈਂਸ ਬਿਊਰੋ 14 ਅਪ੍ਰੈਲ ਨੂੰ ਸਾਬਕਾ ਮੁੱਖ ਮੰਤਰੀ ਨੂੰ ਸੰਮਨ ਕਰਨ ਤਾਂ ਜੋ ਇੱਕ ਦਲਿਤ ਆਗੂ ਦੇ ਨਾਲ-ਨਾਲ ਉਸ ਭਾਈਚਾਰੇ ਦਾ ਅਪਮਾਨ ਕਰਨ ਸਕਣ, ਜਿਸ ਨਾਲ ਉਹ ਸਬੰਧ ਰੱਖਦੇ ਹਨ।
ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਨਾਲ-ਨਾਲ ਵਿਜੀਲੈਂਸ ਬਿਊਰੋ ਨੇ ਇਹ ਕਾਰਾ ਸਿਰਫ਼ ਕਾਂਗਰਸ ਪਾਰਟੀ ਨੂੰ ਬਦਨਾਮ ਕਰਨ ਦੇ ਮੰਤਵ ਨਾਲ ਕੀਤਾ ਹੈ।
“ਹਰ ਕੋਈ ਜਾਣਦਾ ਹੈ ਕਿ ਵਿਜੀਲੈਂਸ ਬਿਊਰੋ ਦਾ ਮੁਖੀ ਸਿੱਧਾ ਭਗਵੰਤ ਮਾਨ ਨੂੰ ਰਿਪੋਰਟ ਕਰਦਾ ਹੈ। ਵਿਜੀਲੈਂਸ ਬਿਊਰੋ ਨੇ ਚੰਨੀ ਦੀ ਬੇਨਤੀ ਕਬੂਲ ਕਰ ਕੇ ਉਨ੍ਹਾਂ ਨੂੰ 20 ਅਪ੍ਰੈਲ ਆਉਣ ਦੀ ਸਹਿਮਤੀ ਦੇ ਦਿੱਤੀ ਸੀ, ਜੋ ਕਿ ਭਗਵੰਤ ਮਾਨ ਨੂੰ ਪਸੰਦ ਨਹੀਂ ਸੀ”, ਵਿਰੋਧੀ ਧਿਰ ਦੇ ਆਗੂ ਨੇ ਕਿਹਾ।
ਬਾਜਵਾ ਨੇ ਕਿਹਾ ਕਿ ਚੰਨੀ ਕੋਈ ਕੱਟੜ ਅਪਰਾਧੀ ਨਹੀਂ ਹੈ ਜੋ 20 ਅਪ੍ਰੈਲ ਨੂੰ ਉਸ ਨੂੰ ਤਲਬ ਕੀਤਾ ਜਾਂਦਾ ਤਾਂ ਉਹ ਭੱਜ ਜਾਂਦਾ। ਕੁਝ ਸਮੇਂ ਲਈ ਵਿਦੇਸ਼ ਵਿੱਚ ਰਹਿਣ ਤੋਂ ਬਾਅਦ ਉਹ ਪੰਜਾਬ ਵਿੱਚ ਆਪ ਆਏ ਹਨ। ਉਹ ਚੰਗੀ ਤਰਾਂ ਜਾਂਦੇ ਸਨ ਕਿ ਉਨ੍ਹਾਂ ਨੂੰ ਤੰਗ ਕੀਤਾ ਜਾ ਸਕਦਾ ਹੈ।
ਬਾਜਵਾ ਨੇ ਭਗਵੰਤ ਮਾਨ ਅਤੇ ਉਨ੍ਹਾਂ ਦੇ ਸਲਾਹਕਾਰ ਅਰਵਿੰਦ ਕੇਜਰੀਵਾਲ ਨੂੰ ਇਹ ਵੀ ਪੁੱਛਿਆ ਕਿ ਹਿੰਦੂ ਅਤੇ ਦਲਿਤ ਭਾਈਚਾਰੇ ਦੇ ਉਪ ਮੁੱਖ ਮੰਤਰੀ ਕਿੱਥੇ ਹਨ, ਜੋ ਵਾਅਦਾ ਉਨ੍ਹਾਂ ਦੋਵਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕੀਤਾ ਸੀ।
” ਸੱਤਾ ਵਿੱਚ ਰਹਿਣ ਦੇ ਇੱਕ ਸਾਲ ਬਾਅਦ ਵੀ ਹਿੰਦੂ ਅਤੇ ਦਲਿਤ ਭਾਈਚਾਰੇ ਦੇ ਉਪ ਮੁੱਖ ਮੰਤਰੀਆਂ ਦੀ ਨਿਯੁਕਤੀ ਨਾ ਕਰ ਕੇ ‘ਆਪ’ ਲੀਡਰਸ਼ਿਪ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਕੇਜਰੀਵਾਲ ਅਤੇ ਮਾਨ ਦੋਵਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਮਜਬੂਰੀ ਕੀ ਹੈ ਅਤੇ ਉਨ੍ਹਾਂ ਨੇ ਅਜਿਹਾ ਝੂਠਾ ਵਾਅਦਾ ਕਿਉਂ ਕੀਤਾ”, ਬਾਜਵਾ ਨੇ ਅੱਗੇ ਕਿਹਾ।