ਚੰਡੀਗਡ਼੍ਹ: ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕ ਦਲ ਨੇ ਅੱਜ ਵਿਧਾਨ ਸਭਾ ਵਿੱਚ ‘ਆਪ’ ਵੱਲੋਂ ਪਾਸ ਕੀਤੇ ਗਏ ਭਰੋਸਗੀ ਮਤੇ ਦਾ ਸਖਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੇ ਭਰੋਸਗੀ ਮਤਾ ਲਿਆ ਕੇ ਵਿਧਾਨ ਸਭਾ ਦਾ ਸੈਸ਼ਨ ਮਜ਼ਾਕ ਉਡਾਇਆ ਹੈ, ਜਦੋਂ ਕਿ ਹੋਰ ਜ਼ਰੂਰੀ ਮੁੱਦਿਆਂ ’ਤੇ ਵਿਚਾਰ-ਚਰਚਾ ਦੀ ਵਾਧੂ ਲੋਡ਼ ਸੀ।
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਨੇਤਾ ਮਨਪ੍ਰੀਤ ਸਿੰਘ ਅਯਾਲੀ ਨੇ ਕਿਹਾ ਕਿ ਵਿਧਾਨ ਸਭਾ ਸੈਸ਼ਨ ਸੱਦਣ ਸਮੇਂ ਭਰੋਸਗੀ ਮਤੇ ਦੀ ਕੋਈ ਮੰਗ ਨਹੀਂ ਕੀਤੀ ਗਈ ਸੀ ਅਤੇ ਨਾ ਹੀ ਵਿਧਾਨ ਸਭਾ ਦੀ ਬਿਜਨੈਸ ਐਡਵਾਈਜ਼ਰੀ ਕਮੇਟੀ ਵਿੱਚ ਏਜੰਡਾ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪਹਿਲਾਂ ਹੀ ਵਿਧਾਨ ਸਭਾ ਦਾ ਬਹੁਮਤ ਹਾਸਲ ਹੈ ਅਤੇ ਕਿਸੇ ਵੀ ਵਿਧਾਇਕ ਨੇ ਆਪ ਪਾਰਟੀ ਨੂੰ ਭਰੋਸਗੀ ਮਤਾ ਪੇਸ਼ ਕਰਨ ਲਈ ਨਹੀਂ ਕਿਹਾ ਗਿਆ ਸੀ।
ਮਨਪ੍ਰੀਤ ਸਿੰਘ ਅਯਾਲੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਉਸ ਨੇ ਹੁਣ ਤੱਕ ਤਥਾਕਥਿਤ ਅਪ੍ਰੇਸ਼ਨ ਲੋਟਸ ਬਾਰੇ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਡੀਜੀਪੀ ਨੂੰ ਪੱਤਰ ਨੂੰ ਪੱਤਰ ਲਿੱਖ ਕੇ ਸ਼ਿਕਾਇਤ ਕੀਤੀ ਸੀ, ਜਿਸ ਵਿੱਚ ਉਨ੍ਹਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਭਾਜਪਾ ਨੇ ਪਾਲਾ ਬਦਲਣ ਲਈ ਹਰੇਕ ਵਿਧਾਇਕ ਨੂੰ 25-25 ਕਰੋਡ਼ ਰੁਪਏ ਦੀ ਪੇਸ਼ਕਸ਼ ਕੀਤੀ ਹੈ, ਜਦੋਂ ਕਿ ਉਸ ਦੇ ਸਬੂਤ ਜਨਤਕ ਨਹੀਂ ਕੀਤੇ ਹਨ। ਉਨ੍ਹਾਂ ਕਿਹਾ ਕਿ ‘ਇਸ ਮਾਮਲੇ ਵਿੱਚ ਕਿਸੇ ਵੀ ਮੁਲਜ਼ਮ ਨੂੰ ਨਾਮਜ਼ਦ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਮਾਮਲਾ ਦਰਜ ਹੋਣ ਦੇ 18 ਦਿਨ ਬਾਦ ਵੀ ਕੋਈ ਗ੍ਰਿਫ਼ਤਾਰੀ ਕੀਤੀ ਗਈ ਹੈ।’
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਨੇ ‘ਆਪ’ ਸਰਕਾਰ ਵੱਲੋਂ ਪੇਸ਼ ਕੀਤੇ ਗਏ ਭਰੋਸਗੀ ਮਤੇ ਦਾ ਸਖਤ ਵਿਰੋਧ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਹੋਰ ਜ਼ਰੂਰੀ ਮੁੱਦਿਆਂ ’ਤੇ ਧਿਆਨ ਨਾ ਦਿੰਦੇ ਹੋਏ ਹਿਮਾਤਲ ਪ੍ਰਦੇਸ਼ ਅਤੇ ਗੁਜਰਾਤ ਚੋਣਾਂ ਵਿੱਚ ਰਾਜਸੀ ਲਾਹਾ ਲੈਣ ਲਈ ਲਗਾਤਾਰ ਦੋਸ਼ ਲਗਾਉਣ ਦੀ ਰਾਜਨੀਤੀ ਕਰ ਰਹੀ ਹੈ।
“ਵਿਧਾਨ ਸਭਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਨੇਤਾ ਸ ਮਨਪ੍ਰੀਤ ਸਿੰਘ ਇਆਲੀ ਅਤੇ ਸਾਡੀ ਭਾਈਵਾਲ ਪਾਰਟੀ – ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਡਾ ਨੱਛਤਰ ਪਾਲ ਜੀ ਨੇ ਆਮ ਆਦਮੀ ਪਾਰਟੀ ਵਲੋਂ ਲਿਆਂਦੇ “ਵਿਸ਼ਵਾਸ ਪ੍ਰਸਤਾਵ” ਦਾ ਨਾ ਕੇਵਲ ਵਿਧਾਨ ਸਭਾ ਦੇ ਅੰਦਰ ਬੋਲ ਕੇ ਬਲਕਿ ਲਿਖਤੀ ਰੂਪ ਵਿਚ ਵੀ ਵਿਰੋਧ ਦਰਜ ਕਰਾਇਆ ਹੈ।” ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ।