ਵਿਨੀਪੈੱਘ:ਵਿਨੀਪੈੱਗ (Winnipeg) ਦੇ ਰਹਿਣ ਵਾਲੇ 41 ਸਾਲਾ ਅਵਤਾਰ ਸਿੰਘ ਸੋਹੀ ਨੂੰ ਇਮੀਗ੍ਰੇਸ਼ਨ ਧੋਖਾਧੜੀ (Fraud) ਦੇ ਸਬੰਧ ਵਿੱਚ $20000 ਦਾ ਜੁਰਮਾਨਾ ਲਗਾਇਆ ਗਿਆ ਹੈ।
ਸੋਹੀ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਲੇਬਰ ਮਾਰਕੀਟ ਇਮਪੈਕਟ ਅਸੈਸਮੈਂਟ ਦੇ ਅਧਾਰ ‘ਤੇ ਇੱਕ ਸਾਊਥ ਏਸ਼ੀਅਨ ਔਰਤ ਉਸ ਲਈ ਕੰਮ ਕਰਦੀ ਹੈ,ਜਦੋਂ ਕਿ ਉਹ ਔਰਤ ਕਿਧਰੇ ਹੋਰ ਕੰਮ ਕਰ ਰਹੀ ਸੀ।
ਮੈਨੀਟੋਬਾ ਸੂਬਾਈ ਅਦਾਲਤ ਦੁਆਰਾ ਸੋਮਵਾਰ ਨੂੰ ਸੁਣਵਾਈ ਕਰਦੇ ਕਿਹਾ ਗਿਆ ਹੈ ਕਿ ਸਬੰਧਤ ਔਰਤ ਗੈਰ-ਕਾਨੂੰਨੀ ਢੰਗ ਨਾਲ ਕਿਤੇ ਹੋਰ ਕੰਮ ਕਰ ਰਹੀ ਸੀ,ਪਰ ਅਵਤਾਰ ਸਿੰਘ ਸੋਹੀ ਦੁਆਰਾ ਪੇਅ ਸਟੱਬਜ਼ ਦੇ ਜ਼ਰੀਏ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਉਹ ਔਰਤ ਮਾਰਚ 2019 ਤੋਂ ਲੈ ਕੇ ਜੁਲਾਈ 2021 ਤੱਕ ਉਸੇ ਲਈ ਕੰਮ ਕਰ ਰਹੀ ਸੀ।
ਇਮੀਗ੍ਰੇਸ਼ਨ ਸਿਸਟਮ ਦੇ ਤਹਿਤ ਕਾਗਜ਼ ਪੱਤਰ ਤਿਆਰ ਕਰਕੇ,ਅਵਤਾਰ ਸਿੰਘ ਸੋਹੀ ਵੱਲੋਂ ਧੋਖਾਧੜੀ ਕੀਤੀ ਗਈ।
ਜਿਸ ਕਾਰਨ ਉਸਨੂੰ $20,000 ਦਾ ਜੁਰਮਾਨਾ ਲਗਾਇਆ ਗਿਆ ਹੈ।
ਸਾਲ 2019 ‘ਚ ਕੈਨੇਡੀਅਨ ਬੌਰਡਰ ਸਰਵਿਸ ਏਜੰਸੀ ਦੇ ਕਰਿਮੀਨਲ ਇਨਵੈਸਟੀਗੇਸ਼ਨ ਸੈਕਸ਼ਨ ਨੂੰ ਅਵਤਾਰ ਸਿੰਘ ਸੋਹੀ ਦੇ ਭਰਾ ਹਰਤਾਰ ਸਿੰਘ ਸੋਹੀ ਬਾਰੇ ਵੀ ਜਾਣਕਾਰੀ ਮਿਲੀ ਸੀ,ਜੋ ਕਿ ਇਮੀਗ੍ਰੇਸ਼ਨ ਕੰਸਲਟੈਂਟ ਅਤੇ ਅਬਰੌਡ ਇਮੀਗ੍ਰੇਸ਼ਨ ਦਾ ਮਾਲਕ ਸੀ।
ਉਸ ਦੇ ਖਿਲਾਫ ਸਰਚ ਵਾਰੰਟ ਵੀ ਜਾਰੀ ਕੀਤਾ ਗਿਆ ਸੀ,ਪਰ ਉਸਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।
ਜਾਣਕਾਰੀ ਮੁਤਾਬਕ ਇਹ ਦੋਵੇਂ ਭਰਾ ਲੋਕਾਂ ਤੋਂ ਮੈਨੀਟੋਬਾ ‘ਚ ਵਰਕ ਪਰਮਿਟ ਮੁਹੱਈਆ ਕਰਵਾਉਣ ਲਈ ਹਜ਼ਾਰਾਂ ਡਾਲਰ ਦੀ ਠੱਗੀ ਕਰਨ ਵਾਲੀ ਸਕੀਮ ‘ਚ ਸ਼ਾਮਲ ਹਨ।