ਸਰੀ:ਸਰੀ ਆਰ.ਸੀ.ਐੱਮ.ਪੀ. ਸਾਊਥ ਸਰੀ ‘ਚ 1 ਫਰਵਰੀ ਨੂੰ ਵਾਪਰੀ ਗੋਲੀਬਾਰੀ ਦੀ ਘਟਨਾ ਦੇ ਸਬੰਧ ਵਿੱਚ ਜਾਂਚ ਕੀਤੀ ਜਾ ਰਹੀ ਹੈ।
ਆਰ.ਸੀ.ਐੱਮ.ਪੀ. ਵੱਲੋਂ ਗੋਲੀਬਾਰੀ ਦੇ ਸਬੰਧ ਵਿੱਚ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ 1 ਫਰਵਰੀ ਨੂੰ ਤੜਕਸਾਰ 1:21 ਵਜੇ ਆਰ.ਸੀ.ਐੱਮ.ਪੀ. ਨੂੰ 2800-ਬਲਾੱਕ,154 ਸਟ੍ਰੀਟ ‘ਤੇ ਗੋਲੀ ਚੱਲਣ ਦੀ ਰਿਪੋਰਟ ਮਿਲੀ ਸੀ,ਜਿਸ ਤੋਂ ਬਾਅਦ ਪੁਲੀਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਗੋਲੀਆਂ ਚੱਲਣ ਦੇ ਨਿਸ਼ਾਨ ਵੇਖੇ ਗਏ,ਇਸ ਦੌਰਾਨ ਕਿਸੇ ਨੂੰ ਸੱਟ ਨਹੀਂ ਲੱਗੀ।
6 ਫਰਵਰੀ ਨੂੰ ਸਰੀ ਆਰ.ਸੀ.ਐੱਮ.ਪੀ. ਦੀ ਸੀਰੀਅਸ ਕ੍ਰਾਈਮ ਯੂਨਿਟ ਦੁਆਰਾ ਸਰਚ ਵਾਰੰਟ ਦੇ ਅਧਾਰ ‘ਤੇ 7700-ਬਲਾੱਕ,144-ਸਟ੍ਰੀਟ ‘ਤੇ ਸਥਿਤ ਇੱਕ ਰਿਹਾਇਸ਼ ਦੀ ਤਲਾਸ਼ੀ ਲਈ ਗਈ।
ਪੁਲੀਸ ਵੱਲੋਂ 3 ਹਥਿਆਰ ਅਤੇ ਕਈ ਇਲੈਕਟ੍ਰੌਨਿਕ ਚੀਜ਼ਾਂ ਬਰਾਮਦ ਕੀਤੀਆਂ ਗਈਆਂ।ਪੁਲੀਸ ਨੇ ਇਸ ਸਬੰਧ ‘ਚ 16 ਸਾਲਾਂ ਦੇ ਦੋ ਨਾਬਾਲਗਾਂ ਨੂੰ ਗ੍ਰਿਫ਼ਤਾਰ ਕੀਤਾ ਸੀ,ਜਿਨਾਂ ਉੱਪਰ ਲਾਪਰਵਾਹੀ ਨਾਲ ਹਥਿਆਰਾਂ ਦੀ ਵਰਤੋਂ ਕਰਨ ਦੇ ਦੋਸ਼ ਲਗਾਏ ਗਏ।ਹਾਲਾਂਕਿ ਇਸ ਵਾਰ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ।
ਪੁਲੀਸ ਵੱਲੋਂ ਇਸ ਮਾਮਲੇ ਦੇ ਸਬੰਧ ਵਿੱਚ ਅਜੇ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਗੋਲੀਬਾਰੀ ਦਾ ਮਕਸਦ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਆਰ.ਸੀ.ਐੱਮ.ਪੀ. ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਸਬੰਧ ਵਿੱਚ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਸਰੀ ਆਰ.ਸੀ.ਐੱਮ.ਪੀ. ਨਾਲ ਸੰਪਰਕ ਕਰ ਸੂਚਨਾ ਸਾਂਝੀ ਕਰ ਸਕਦਾ ਹੈ।