ਬ੍ਰਿਟਿਸ਼ ਕੋਲੰਬੀਆ :ਬੀ.ਸੀ. ਨਰਸਿਜ਼ ਯੂਨੀਅਨ ਨੇ ਵੈਂਕੂਵਰ ਜਨਰਲ ਹਸਪਤਾਲ ਵਿੱਚ 13 ਮਾਰਚ ਨੂੰ ਹੋਈ ਹਿੰਸਕ ਘਟਨਾ ‘ਤੇ ਗਹਿਰੀ ਨਾਰਾਜ਼ਗੀ ਜਤਾਈ ਹੈ। ਇਕ ਮਾਨਸਿਕ ਸਮੱਸਿਆ ਨਾਲ ਪੀੜਤ ਰੋਗੀ ਨੇ ਨਰਸ ਦਾ ਗਲਾ ਘੁੱਟ ਕੇ ਬੇਹੋਸ਼ ਕਰ ਦਿੱਤਾ। ਉਕਤ ਮਰੀਜ਼ ਪਹਿਲਾਂ ਵੀ ਹਿੰਸਾ ਭਰਿਆ ਵਰਤਾਓ ਕਰ ਚੁੱਕਿਆ ਸੀ ਅਤੇ ਸਟਾਫ ਨੇ ਪਹਿਲਾਂ ਹੀ ਚਿਤਾਵਨੀ ਦਿੱਤੀ ਸੀ, ਪਰ ਇਹ ਨਰਸ ਇਸ ਮਰੀਜ਼ ਨਾਲ ਸਿੱਧਾ ਕੰਮ ਨਹੀਂ ਕਰ ਰਹੀ ਸੀ ਅਤੇ ਉਸਨੂੰ ਖਤਰੇ ਬਾਰੇ ਪਤਾ ਨਹੀਂ ਸੀ। ਉਸਦੇ ਸਾਥੀਆਂ ਵੱਲੋਂ ਉਸਨੂੰ ਖਿੱਚ ਕੇ ਬਚਾਇਆ ਗਿਆ। ਯੂਨੀਅਨ ਦਾ ਕਹਿਣਾ ਹੈ ਕਿ ਨਰਸ ਨੂੰ ਖਾਸ ਕਰਕੇ ਮਾਨਸਿਕ ਤੌਰ ‘ਤੇ ਠੀਕ ਹੋਣ ਵਿੱਚ ਸਮਾਂ ਲੱਗੇਗਾ। ਉਹਨਾਂ ਕਿਹਾ ਕਿ ਉਹ ਲੰਮੇ ਸਮੇਂ ਤੋਂ ਸਾਈਕੇਟਰੀਕ ਯੂਨਿਟ ਵਿੱਚ ਸਕਿਉਰਿਟੀ ਗਾਰਡ ਦੀ ਮੰਗ ਕਰ ਰਹੇ ਹਨ, ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਸੁਰੱਖਿਆ ਨਹੀਂ ਵਧਾਈ ਗਈ, ਤਾਂ ਨਰਸਾਂ ਨੂੰ ਕੰਮ ‘ਚ ਰੋਕਣਾ ਔਖਾ ਹੋ ਜਾਵੇਗਾ। ਇਸ ਹਮਲੇ ਦੌਰਾਨ ਇਕ ਹੋਰ ਮਰੀਜ਼ ਵੀ ਜਖਮੀ ਹੋਇਆ ਸੀ।