ਕੈਨੇਡਾ:ਇਜ਼ਰਾਈਲ ਅਤੇ ਹਮਾਸ ਵਿਚਕਾਰ ਯੁੱਧ ਲਗਾਤਾਰ ਜਾਰੀ ਹੈ।
ਹਮਾਸ ਦੁਆਰਾ 7 ਅਕਤੂਬਰ ਨੂੰ ਇਜ਼ਰਾਈਲ ਉੱਪਰ ਹਮਲਾ ਕਰਨ ਤੋਂ ਬਾਅਦ ਇਹ ਜੰਗ 2008 ਤੋਂ ਬਾਅਦ ਹੁਣ ਤੱਕ ਦੀ ਸਭ ਤੋਂ ਘਾਤਕ ਅਤੇ ਹਿੰਸਕ ਜੰਗ ਬਣ ਚੁੱਕੀ ਹੈ।
ਗਜ਼ਾ ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਨੂੰ ਜਾਣਕਾਰੀ ਦਿੰਦੇ ਦੱਸਿਆ ਗਿਆ ਹੈ ਕਿ ਹੁਣ ਤੱਕ ਇਸ ਯੁੱਧ ਕਾਰਨ 3,478 ਫਲਸਤੀਨੀ ਮਾਰੇ ਗਏ ਹਨ,ਅਤੇ 12000 ਤੋਂ ਵਧੇਰੇ ਜਣੇ ਜ਼ਖ਼ਮੀ ਹੋ ਗਏ ਹਨ।
ਓਥੇ ਹੀ ਇਜ਼ਰਾਈਲ ‘ਚ ਇਸ ਯੁੱਧ ਕਾਰਨ ਮਾਰੇ ਜਾਣ ਵਾਲੇ ਲੋਕਾਂ ਦੀ ਗਿਣਤੀ 1400 ਤੱਕ ਪਹੁੰਚ ਗਈ ਹੈ,ਅਤੇ 199 ਜਣਿਆਂ, ਜਿਨਾਂ ‘ਚ ਜ਼ਿਆਦਾਤਰ ਬੱਚੇ ਸ਼ਾਮਲ ਹਨ,ਹਮਾਸ ਦੁਆਰਾ ਬੰਦੀ ਬਣਾਏ ਗਏ ਹਨ।
ਮਿਸਰ ਦੀਆਂ ਯੂਨੀਵਰਸਟੀਆਂ ਦੇ ਹਜ਼ਾਰਾਂ ਵਿਦਿਆਰਥੀਆਂ ਵੱਲੋਂ ਮੰਗਲਵਾਰ ਨੂੰ ਗਜ਼ਾ ਹਸਪਤਾਲ ‘ਤੇ ਹੋਏ ਹਮਲੇ ਤੋਂ ਬਾਅਦ ਇਜ਼ਰਾਈਲ ਦੇ ਵਿਰੋਧ ਅਤੇ ਹਮਾਸ ਦੇ ਸਮਰਥਨ ‘ਚ ਰੈਲੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ।
ਇਸ ਤੋਂ ਇਲਾਵਾ ਮੋਰੱਕੋ ਅਤੇ ਅਲਜੀਰੀਆ ‘ਚ ਵੀ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਗਜ਼ਾ ਸਿਹਤ ਮੰਤਰਾਲੇ ਵੱਲੋਂ ਇਜ਼ਰਾਈਲ ਨੂੰ ਇਸ ਹਮਲੇ ਲਈ ਦੋਸ਼ੀ ਠਹਿਰਾਇਆ ਜਾ ਰਿਹਾ ਹੈ।
ਜਦੋਂ ਕਿ ਇਜ਼ਰਾਈਲੀ ਫੌਜਾਂ ਦੁਆਰਾ ਇਸ ਤੋਂ ਇਨਕਾਰ ਕੀਤਾ ਗਿਆ ਹੈ।
ਫੌਜ ਦਾ ਕਹਿਣਾ ਹੈ ਕਿ ਇਹ ਹਮਲਾ ਫਲਸਤੀਨੀ ਮਿਲੀਟੈਂਟਸ ਦੁਆਰਾ ਲਾਂਚ ਕੀਤੀ ਮਿਜ਼ਾਇਲ ਦੇ ਗਲਤ ਚੱਲਣ ਕਾਰਨ ਵਾਪਰਿਆ ਹੈ।