ਟੋਰਾਂਟੋ: ਟੋਰਾਂਟੋ ਪੀਅਰਸਨ ਏਅਰਪੋਰਟ ‘ਤੇ ਉੱਡਾਣਾਂ ਮੁੜ ਸ਼ੁਰੂ ਹੋ ਗਈਆਂ ਹਨ, ਪਰ ਦੋ ਰਨਵੇ ਹਾਲੇ ਵੀ ਬੰਦ ਹਨ, ਜਦਕਿ ਇੱਕ ਡੈਲਟਾ ਏਅਰਲਾਈਨਸ ਦੀ ਫਲਾਈਟ ਬੀਤੇ ਕੱਲ ਲੈਂਡਿੰਗ ਦੌਰਾਨ ਕਰੈਸ਼ ਹੋ ਗਈ। ਇਹ ਜਹਾਜ਼ ਮਿਨੀਐਪੋਲਿਸ ਤੋਂ ਆ ਰਿਹਾ ਸੀ ਅਤੇ ਉਤਰਦੇ ਹੀ ਉਲਟ ਗਿਆ, ਜਿਸ ਵਿੱਚ 21 ਜਣੇ ਜ਼ਖਮੀ ਹੋ ਗਏ। ਤਿੰਨ ਯਾਤਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ, ਪਰ ਉਨ੍ਹਾਂ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ। ਹਾਦਸਾ ਬਰਫ਼ਬਾਰੀ ਦੇ ਮੌਸਮ ‘ਚ ਹੋਇਆ, ਪਰ ਅਧਿਕਾਰੀਆਂ ਮੁਤਾਬਕ ਰਨਵੇ ਖੁਸ਼ਕ ਸੀ ਅਤੇ ਤੇਜ਼ ਹਵਾਵਾਂ ਨਹੀਂ ਸਨ। ਟਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਹਾਦਸੇ ਦੀ ਜਾਂਚ ਕਰ ਰਿਹਾ ਹੈ। ਡੈਲਟਾ ਨੇ ਪੀਅਰਸਨ ‘ਤੇ ਦਿਨ ਭਰ ਦੀਆਂ ਉੱਡਾਣਾਂ ਰੱਦ ਕਰ ਦਿੱਤੀਆਂ, ਅਤੇ ਕੁਝ ਆਉਣ ਵਾਲੀਆਂ ਫਲਾਈਟਾਂ ਨੂੰ ਮੋਂਟਰੀਆਲ ਵੱਲ ਡਾਇਵਰਟ ਕਰ ਦਿੱਤਾ ਗਿਆ। ਦੋ ਰਨਵੇ ਬੰਦ ਹੋਣ ਕਰਕੇ ਆਉਣ ਵਾਲੇ ਦਿਨਾਂ ਵਿੱਚ ਦੇਰੀ ਦੀ ਉਮੀਦ ਹੈ। ਪ੍ਰੀਮੀਅਰ ਡਗ ਫੋਰਡ ਨੇ ਇਹ ਜਾਣ ਕੇ ਰਾਹਤ ਪ੍ਰਗਟਾਈ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।