ਓਟਵਾ:ਲਿਬਰਲ ਪਾਰਟੀ ਦੇ ਨਵੇਂ ਲੀਡਰ ਮਾਰਕ ਕਾਰਨੀ ਨੇ ਅਚਾਨਕ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਗਵਰਨਰ ਜਨਰਲ ਮੈਰੀ ਸਾਈਮਨ ਨੂੰ ਮਿਲ ਕੇ ਚੋਣਾਂ ਦੀ ਸ਼ੁਰੂਆਤ ਲਈ ਅਧਿਕਾਰਕ ਰਜਾਮੰਦੀ ਲੈ ਲਈ। ਚੋਣਾਂ 28 ਅਪ੍ਰੈਲ ਨੂੰ ਹੋਣਗੀਆਂ, ਜੋ ਕਿ ਕੈਨੇਡਾ ਦੇ ਕਾਨੂੰਨ ਮੁਤਾਬਕ ਸਭ ਤੋਂ ਛੋਟੀ ਚੋਣ ਮੁਹਿੰਮ ਦੀ ਮਿਆਦ ਹੈ। ਕਾਰਨੀ, ਜੋ ਕਿ 9 ਮਾਰਚ ਨੂੰ ਲੀਡਰ ਬਣੇ ਸਨ, ਹੁਣ ਨੇਪੀਅਨ ਤੋਂ ਆਪਣੀ ਪਹਿਲੀ ਸੀਟ ਲਈ ਲੜ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਲਾਏ ਟੈਰੀਫ਼ਸ ਦੇ ਚਲਦੇ ਕੈਨੇਡੀਅਨ ਲੋਕਾਂ ਨੂੰ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ ਕੌਣ ਦੇਸ਼ ਦੀ ਅਗਵਾਈ ਕਰੇ।
ਕਾਰਨੀ ਨੇ ਕਾਰਬਨ ਟੈਕਸ ਖਤਮ ਕਰਨ,ਕੈਪੀਟਲ ਗੇਨਜ਼ ਟੈਕਸ ਵਾਧਾ ਰੱਦ ਕਰਨ,ਪਹਿਲੀ ਵਾਰੀ ਘਰ ਖਰੀਦਣ ਵਾਲਿਆਂ ਲਈ ਜੀਐਸਟੀ ਹਟਾਉਣ ਅਤੇ ਮਿਡਲ ਕਲਾਸ ਲਈ ਟੈਕਸ ਘਟਾਉਣ ਦੇ ਵਾਅਦੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਲਿਬਰਲ ਪਾਰਟੀ ਨੂੰ ਕੰਮ ਜਾਰੀ ਰੱਖਣ ਲਈ ਉਨ੍ਹਾਂ ਨੂੰ ਲੋਕਾਂ ਦੀ ਮਜ਼ਬੂਤ ਮੰਜ਼ੂਰੀ ਚਾਹੀਦੀ ਹੈ।
ਕੰਜ਼ਰਵੇਟਿਵ ਲੀਡਰ ਪੀਅਰ ਪੋਲੀਏਵ ਨੇ ਲਿਬਰਲ ਪਾਰਟੀ ਨੂੰ ਮਹਿੰਗਾਈ ਅਤੇ ਆਰਥਿਕ ਮੁਸ਼ਕਲਾਂ ਲਈ ਜ਼ਿੰਮੇਵਾਰ ਠਹਿਰਾਇਆ ਤੇ ਵਾਅਦਾ ਕੀਤਾ ਕਿ ਉਹ ਕਾਰਬਨ ਟੈਕਸ ਹਟਾਉਣਗੇ ਅਤੇ ਘਰ ਖਰੀਦਣਾ ਆਸਾਨ ਬਣਾਉਣਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਉਮੀਦ ਅਤੇ ਭਰੋਸਾ ਵਾਪਸ ਲਿਆਵੇਗੀ।
ਐਨਡੀਪੀ ਲੀਡਰ ਜਗਮੀਤ ਸਿੰਘ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਕਾਰਨੀ ਅਤੇ ਪੋਲੀਏਵ ਵਿਚੋਂ ਚੁਣਨ ਨੂੰ ਮਜ਼ਬੂਰੀ ਨਾ ਸਮਝਣ। ਉਨ੍ਹਾਂ ਨੇ ਡੈਂਟਲ ਕੇਅਰ ਅਤੇ ਫਾਰਮਾਕੇਅਰ ਜਿਹੀਆਂ ਯੋਜਨਾਵਾਂ ਦੀ ਵਕਾਲਤ ਕੀਤੀ ਜੋ ਐਨਡੀਪੀ ਨੇ ਲਿਬਰਲ ਸਰਕਾਰ ਤੋਂ ਲਾਗੂ ਕਰਵਾਈਆਂ ਸਨ।
ਬਲਾਕ ਕਿਊਬਿਕਵਾ ਅਤੇ ਗਰੀਨ ਪਾਰਟੀ ਨੇ ਵੀ ਆਪਣੀਆਂ ਚੋਣ ਮੁਹਿੰਮਾਂ ਸ਼ੁਰੂ ਕਰ ਦਿਤੀਆਂ ਹਨ ਅਤੇ ਵਾਧੂ ਸੀਟਾਂ ਦੀ ਉਮੀਦ ਕਰ ਰਹੀਆਂ ਹਨ।
ਇਹ ਚੋਣ ਮੁਖ ਤੌਰ ‘ਤੇ ਕੈਨੇਡਾ-ਅਮਰੀਕਾ ਟਰੈਡ ਸੰਕਟ ‘ਤੇ ਕੇਂਦਰਤ ਹੈ। ਕਾਰਨੀ ਅਤੇ ਪੋਲੀਏਵ ਨੇ ਟਰੰਪ ਦੀ ਨੀਤੀ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਉਹ ਕੈਨੇਡਾ ਦੀ ਆਰਥਿਕਤਾ ਅਤੇ ਪ੍ਰਭਸੱਤਾ ਦੀ ਰੱਖਿਆ ਕਰਨਗੇ।