ਓਟਵਾ : ਸਾਬਕਾ ਵਿੱਤ ਮੰਤਰੀ ਕ੍ਰਿਸਟਿਆ ਫ੍ਰੀਲੈਂਡ,ਲਿਬਰਲ ਪਾਰਟੀ ਦੀ ਲੀਡਰਸ਼ਿਪ ਲਈ ਦਾਅਵੇਦਾਰੀ ਪੇਸ਼ ਕਰਨ ਦੀ ਤਿਆਰੀ ਕਰ ਰਹੇ ਹਨ। ਉਹਨਾਂ ਦੀ ਮੁੱਖ ਨੀਤੀ ਵਿਚ ਉਪਭੋਗਤਾ ਕਾਰਬਨ ਟੈਕਸ ਨੂੰ ਰੱਦ ਕਰਨਾ ਸ਼ਾਮਲ ਹੈ ਅਤੇ ਇਸਦੀ ਥਾਂ ਸੂਬਿਆਂ ਨਾਲ ਮਿਲਕੇ ਇੱਕ ਨਵਾਂ ਸਿਸਟਮ ਤਿਆਰ ਕਰਨਾ ਹੈ। ਫ੍ਰੀਲੈਂਡ, ਜੋ ਇੱਕ ਵਾਰ ਟੈਕਸ ਦਾ ਸਮਰਥਨ ਕਰ ਚੁੱਕੇ ਹਨ , ਹੁਣ ਉਹਨਾਂ ਦਾ ਕਹਿਣਾ ਹੈ ਕਿ ਕੈਨੇਡੀਅਨਸ ਇਸਨੂੰ ਸਮਰਥਨ ਨਹੀਂ ਕਰਦੇ।
ਉਸਨੇ ਜੀਐਸਟੀ ਛੂਟ ਅਤੇ ਨਕਦ ਰਾਸ਼ੀ ਵੰਡਣ ਵਰਗੀਆਂ ਨੀਤੀਆਂ ਉੱਤੇ ਜਸਟਿਨ ਟਰੂਡੋ ਨਾਲ ਅਸਹਿਮਤੀ ਕਾਰਨ ਕੈਬਿਨੇਟ ਤੋਂ ਅਸਤੀਫਾ ਦੇ ਦਿੱਤਾ। ਟਰੂਡੋ ਨੇ ਬਾਅਦ ਵਿੱਚ ਐਲਾਨ ਕੀਤਾ ਕਿ ਉਹ 9 ਮਾਰਚ ਤੋਂ ਲਿਬਰਲ ਲੀਡਰ ਵਜੋਂ ਅਸਤੀਫਾ ਦੇ ਰਹੇ ਹਨ।
ਮਾਰਕ ਕਾਰਨੀ, ਜੋ ਲਿਬਰਲ ਲੀਡਰਸ਼ਿਪ ਦੀ ਦੌੜ ਵਿਚ ਹੋਣ ਦੀ ਸੰਭਾਵਨਾ ਹੈ, ਨੇ ਵੀ ਕੈਨੇਡਾ ਦੇ ਕਾਰਬਨ ਟੈਕਸ ਸਿਸਟਮ ‘ਚ ਬਦਲਾਅ ਦਾ ਸੰਕੇਤ ਦਿੱਤਾ ਹੈ। 2019 ਵਿੱਚ ਲਾਗੂ ਕੀਤਾ ਉਪਭੋਗਤਾ ਕਾਰਬਨ ਟੈਕਸ ਵਿਆਪਕ ਆਲੋਚਨਾ ਦਾ ਸ਼ਿਕਾਰ ਹੋਇਆ ਹੈ ਅਤੇ ਇਸਨੂੰ ਅਪ੍ਰੈਲ ਵਿੱਚ ਫਿਰ ਵਧਾਇਆ ਜਾਣ ਵਾਲਾ ਹੈ। ਕਨਜ਼ਰਵੇਟਿਵ ਹਮੇਸ਼ਾ ਇਸ ਦੇ ਖ਼ਿਲਾਫ਼ ਰਹੇ ਹਨ ਅਤੇ ਕੁਝ ਲਿਬਰਲ ਵੀ ਇਸਨੂੰ ਰੱਦ ਕਰਨਾ ਚਾਹੁੰਦੇ ਹਨ।