ਬ੍ਰਿਟਿਸ਼ ਕੋਲੰਬੀਆ: ਬੀ.ਸੀ. ਦੇ ਨਵੇਂ ਚੀਫ ਕੋਰੋਨਰ, ਡਾ. ਜਤਿੰਦਰ ਬੈਦਵਾਨ,ਵੱਲੋਂ ਬੀਸੀ ਸੂਬੇ ‘ਚ ਚੱਲ ਰਹੀ ਓਵਰਡੋਜ਼ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਾਬਕਾ ਕੋਰੋਨਰ ਚੀਫ਼ ਲੀਸਾ ਲਾਪੌਇੰਟ ਨਾਲੋਂ ਵੱਖਰੀ ਅਪਰੋਚ ਅਪਣਾਈ ਜਾ ਰਹੀ ਹੈ। ਡਾਕਟਰ ਬੈਦਵਾਨ ਦਾ ਟੀਚਾ ਡੇਟਾ ਅਤੇ ਰਣਨੀਤਕ ਹੱਲ ‘ਤੇ ਧਿਆਨ ਕੇਂਦਰਿਤ ਕਰਨਾ ਹੈ। ਉਹਨਾਂ ਵੱਲੋਂ ਮੌਤਾਂ ਦੇ ਅੰਕੜੇ ਸਾਂਝੇ ਕਰਨ ਦੀ ਬਜਾਏ ਜ਼ਿਆਦਾ ਧਿਆਨ ਸਿਹਤ ਮਾਹਰਾਂ ਨਾਲ ਮਿਲਕੇ ਡੇਟਾ ਦਾ ਵਿਸ਼ਲੇਸ਼ਣ ਕਰਨਾ ਹੈ,ਤਾਂ ਜੋ ਉਸਦੇ ਅਧਾਰ ‘ਤੇ ਇਸ ਸਮੱਸਿਆ ਦਾ ਤੋੜ ਲੱਭਿਆ ਜਾ ਸਕੇ।
ਜ਼ਿਕਰਯੋਗ ਹੈ ਕਿ ਓਵਰਡੋਜ਼ ਕਾਰਨ ਬੀਸੀ ਸੂਬੇ ‘ਚ ਹਰ ਸਾਲ ਹਜ਼ਾਰਾਂ ਮੌਤਾਂ ਹੁੰਦੀਆਂ ਹਨ। ਜਦੋਂ ਤੋਂ ਸੂਬੇ ‘ਚ ਪਬਲਿਕ ਹੈਲਥ ਐਮਰਜੇਂਸੀ ਐਲਾਨੀ ਹੈ, ਹੁਣ ਤੱਕ 16000 ਤੋਂ ਵੀ ਵੱਧ ਮੌਤਾਂ ਹੋ ਚੁੱਕੀਆਂ ਹਨ।
ਡਾਕਟਰ ਬੈਦਵਾਨ ਵੱਲੋਂ ਵੱਖ ਵੱਖ ਗਰੁੱਪਾਂ ਨਾਲ ਮਿਲਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਉਹ ਨਸ਼ੇ ਨਾਲ ਸੰਬੰਧਿਤ ਮੌਤਾਂ ‘ਤੇ ਆਟੋਪਸੀ ਦੇ ਚੈਲੈਂਜਾਂ ਨੂੰ ਵੀ ਮੰਨਦੇ ਹਨ ਅਤੇ ਕੋਰੋਨਰਾਂ ਦੀ ਭਰਤੀ ਨੂੰ ਤੇਜ਼ ਕਰਨ ਦੀ ਮੰਗ ਕਰਦੇ ਹਨ ਤਾਂ ਜੋ ਜਾਂਚਾਂ ਜਲਦੀ ਮੁਕੰਮਲ ਹੋ ਸਕਣ।