ਵਾਸ਼ਿੰਗਟਨ:ਇੱਕ ਅਮਰੀਕੀ ਏਅਰਲਾਈਨਜ਼ ਦਾ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਹੈ, ਜਿਸ ‘ਚ 60 ਯਾਤਰੀ ਅਤੇ ਚਾਲਕ ਦਲ ਦੇ ਚਾਰ ਮੈਂਬਰ ਮੌਜੂਦ ਸਨ।
ਇਹ ਹਾਦਸਾ ਰੋਨਾਲਡੋ ਰੀਗਨ ਨੈਸ਼ਨਲ ਏਅਰਪੋਰਟ ਨੇੜੇ ਉਸ ਵੇਲੇ ਵਾਪਰਿਆ ਜਦੋਂ ਆਰਮੀ ਦਾ ਇੱਕ ਬਲੈਕ ਹਾੱਕ ਹੈਲੀਕਾਪਟਰ ਜਹਾਜ਼ ਨਾਲ ਟਕਰਾ ਗਿਆ।ਇਹ ਹਾਦਸਾ ਪਿਛਲੇ 24 ਸਾਲਾਂ ‘ਚ ਸਭ ਤੋਂ ਘਾਤਕ ਹਾਦਸਾ ਮੰਨਿਆ ਜਾ ਰਿਹਾ ਹੈ।
ਹਾਦਸੇ ਉਪਰੰਤ ਜਹਾਜ਼ ਨਦੀ ‘ਚ ਡਿੱਗ ਗਿਆ ਅਤੇ ਖ਼ਬਰ ਲਿਖੇ ਜਾਣ ਤੱਕ 28 ਮ੍ਰਿਤਕ ਦੇਹਾਂ ਨੂੰ ਪੋਟੋਮੈਕ ਰਿਵਰ ‘ਚੋਂ ਕੱਢੇ ਜਾਣ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ,ਅਤੇ ਬਾਕੀਆਂ ਦੇ ਵੀ ਬਚਣ ਦੀ ਉਮੀਦ ਨਹੀਂ ਹੈ ਕਿਉਂਕਿ ਨਦੀ ਦੇ ਪਾਣੀ ਦਾ ਤਾਪਮਾਨ ਜ਼ੀਰੋ ਡਿਗਰੀ ਸੈਲਸੀਅਸ ਦੇ ਆਸ-ਪਾਸ ਸੀ।
ਜਾਣਕਾਰੀ ਮੁਤਾਬਕ ਜਹਾਜ਼ ਲੈਂਡ ਕਰ ਰਿਹਾ ਸੀ ਤਾਂ ਹੈਲੀਕਾਪਟਰ ਰਸਤੇ ‘ਚ ਆ ਗਿਆ ਅਤੇ ਇਹ ਮੰਦਭਾਗੀ ਘਟਨਾ ਵਾਪਰ ਗਈ।ਜਹਾਜ਼ ‘ਚ ਅਮਰੀਕੀ ਅਤੇ ਰਸ਼ੀਅਨ ਸਕੇਟਰਜ਼ ਵੀ ਮੌਜੂਦ ਸਨ।
ਇਹ ਟੱਕਰ ਡੀ.ਸੀ. ਵਾਸ਼ਿੰਗਟਨ ਦੇ ਨੇੜੇ ਇੱਕ ਸੁਰੱਖਿਅਤ ਏਅਰ ਸਪੇਸ ‘ਚ ਹੋਈ ਹੈ।
ਯੂ.ਐੱਸ. ਟ੍ਰਾਂਸਪੋ੍ਰਟੇਸ਼ਨ ਸੈਕਰੇਟਰੀ ਨੇ ਏਅਰ ਸਪੇਸ ਸੇਫਟੀ ਦਾ ਭਰੋਸਾ ਦਿੱਤਾ ਹੈ,ਪਰ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਹਾਦਸਾ ਰੋਕਿਆ ਜਾ ਸਕਦਾ ਸੀ।ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।