ਓਟਵਾ: ਕੈਨੇਡਾ ਦੀ ਬੇਰੁਜ਼ਗਾਰੀ ਦੀ ਦਰ ਫਰਵਰੀ ਵਿੱਚ 6.6% ‘ਤੇ ਰਹੀ, ਜਿਸ ਦੌਰਾਨ ਨੌਕਰੀਆਂ ‘ਚ ਵਾਧਾ ਬੇਹੱਦ ਘੱਟ ਰਿਹਾ ਹੈ। ਜਨਵਰੀ ‘ਚ ਜਿੱਥੇ 76,000 ਨਵੀਆਂ ਨੌਕਰੀਆਂ ਵਧੀਆਂ ਸਨ ਓਥੇ ਹੀ ਫਰਵਰੀ ਮਹੀਨੇ ‘ਚ ਮਹਿਜ਼ 1100 ਨੌਕਰੀਆਂ ਵਧੀਆਂ ਹਨ। ਜਦੋਂ ਕਿ ਫਰਵਰੀ ਮਹੀਨੇ ‘ਚ 20,000 ਨੌਕਰੀਆਂ ਵਧਣ ਦਾ ਅਨੁਮਾਨ ਲਗਾਇਆ ਗਿਆ ਸੀ। ਆਬਾਦੀ ‘ਚ ਹੋਣ ਵਾਲੇ ਵਾਧੇ ਦੀ ਰਫ਼ਤਾਰ ਵੀ ਧੀਮੀ ਹੋ ਗਈ ਹੈ ਅਤੇ ਟੈਰਿਫ ਦੀਆਂ ਚਿੰਤਾਵਾਂ ਨਾਲ ਲੇਬਰ ਮਾਰਕੀਟ ਉੱਤੇ ਅਸਰ ਪੈ ਰਿਹਾ ਹੈ। ਜਿੱਥੇ ਰੀਟੇਲ ਅਤੇ ਫਾਇਨੈਂਸ ਵਰਗੇ ਖੇਤਰਾਂ ਵਿੱਚ ਨੌਕਰੀਆਂ ਦਾ ਵਾਧਾ ਹੋਇਆ, ਉਥੇ ਮੈਨੂਫੈਕਚਰਿੰਗ ਅਤੇ ਟ੍ਰਾਂਸਪੋਰਟੇਸ਼ਨ ਵਰਗੇ ਖੇਤਰਾਂ ਵਿੱਚ ਗਿਰਾਵਟ ਆਈ। ਨੌਜਵਾਨਾਂ ਦੀ ਬੇਰੁਜ਼ਗਾਰੀ ਘਟ ਕੇ 12.9% ਹੋ ਗਈ ਅਤੇ ਪ੍ਰਤੀ ਘੰਟਾ ਆਮਦਨ ‘ਚ 3.8% ਦਾ ਵਾਧਾ ਹੋਇਆ। ਮਾਹਿਰਾਂ ਨੂੰ ਉਮੀਦ ਹੈ ਕਿ ਬੈਂਕ ਆਫ ਕੈਨੇਡਾ ਆਗਾਮੀ ਹਫਤੇ ਵਿੱਚ ਦਰ ਨੂੰ 25 ਬੇਸਿਸ ਪੌਇੰਟ ਘਟਾ ਸਕਦਾ ਹੈ।