ਨਿਊ ਵੈਸਟਮਿੰਸਟਰ: ਨਿਊ ਵੈਸਟਮਿੰਸਟਰ ਸਿਟੀ ਕੌਂਸਲ ਨੇ ਚੁਣੇ ਹੋਏ ਅਧਿਕਾਰੀਆਂ ਦੀ ਤਨਖਾਹ ਨੂੰ ਲੈਕੇ ਪਾਰਦਰਸ਼ਤਾ ਵਧਾਉਣ ਲਈ ਇੱਕ ਮੋਸ਼ਨ ਪਾਸ ਕੀਤਾ ਹੈ। ਇਸ ਗਰਮੀ ਤੋਂ ਸ਼ੁਰੂ ਹੋ ਕੇ, ਜਨਤਾ ਨੂੰ ਸ਼ਹਿਰ ਦੇ ਚੁਣੇ ਹੋਏ ਅਧਿਕਾਰੀਆਂ ਦੀਆਂ ਤਨਖ਼ਾਹਾਂ ਅਤੇ ਹੋਰ ਭੁਗਤਾਨ ਦੀ ਇੱਕ ਰਿਪੋਰਟ ਦੇਖਣ ਦਾ ਮੌਕਾ ਮਿਲੇਗਾ, ਜਿਸ ਵਿੱਚ ਮੈਟਰੋ ਵੈਂਕੂਵਰ ਅਤੇ ਟ੍ਰਾਂਸਲਿੰਕ ਵਰਗੇ ਖੇਤਰੀ ਮਹਿਕਮਿਆਂ ਤੋਂ ਮਿਲਣ ਵਾਲੀਆਂ ਰਕਮਾਂ ਸ਼ਾਮਲ ਹੋਣਗੀਆਂ। ਇਹ ਰਿਪੋਰਟ ਤਨਖਾਹ,ਸਟਾਈਪੈਂਡ ਅਤੇ ਹੋਰ ਭੱਤਿਆਂ ਦੀ ਪੂਰੀ ਜਾਣਕਾਰੀ ਪ੍ਰਦਾਨ ਕਰੇਗੀ। ਕੌਂਸਲਰ ਡੇਨਿਅਲ ਫੋਂਟੇਨ ਦਾ ਮੰਨਣਾ ਹੈ ਕਿ ਇਹ ਪਾਰਦਰਸ਼ਤਾ ਵੱਲ ਇੱਕ ਵੱਡਾ ਕਦਮ ਹੈ ਅਤੇ ਉਹ ਸੂਬਾ ਸਰਕਾਰ ਤੋਂ ਇਸ ਤਰ੍ਹਾਂ ਦੀ ਰਿਪੋਰਟ ਸਾਰੇ ਸ਼ਹਿਰਾਂ ਲਈ ਤਿਆਰ ਕਰਨ ਦੀ ਬੇਨਤੀ ਕਰ ਰਹੇ ਹਨ। ਇਹ ਪਾਰਦਰਸ਼ਤਾ ਜਨਤਾ ਨੂੰ ਇਹ ਸਮਝਣ ਵਿੱਚ ਮਦਦ ਕਰੇਗੀ ਕਿ ਚੁਣੇ ਹੋਏ ਅਧਿਕਾਰੀ ਕਿੰਨੀ ਕਮਾਉਂਦੇ ਹਨ, ਖਾਸ ਕਰਕੇ ਜਦੋਂ ਉਹ ਕਈ ਅਥਾਰਟੀਜ਼ ਵਿੱਚ ਨਿਯੁਕਤ ਹੁੰਦੇ ਹਨ।