ਓਟਵਾ: ਦੇਸ਼ ‘ਚ ਅਗਸਤ ਮਹੀਨੇ ਵਿੱਚ ਬੇਰੋਜ਼ਗਾਰੀ ਦਰ ਵਧ ਕੇ 6.6% ਹੋ ਗਈ ਹੈ, ਜੋ ਪਿਛਲੇ 7 ਸਾਲਾਂ ਵਿੱਚ ਸਭ ਤੋਂ ਉੱਚੀ ਦਰ ਹੈ ਜੇਕਰ ਮਹਾਮਾਰੀ ਦੇ ਸਾਲ 2020 ਅਤੇ 2021 ਨੂੰ ਛੱਡ ਦਿੱਤਾ ਜਾਵੇ। ਇਸ ਮਹੀਨੇ ਵਿੱਚ ਅਰਥਵਿਵਸਥਾ ਵਿੱਚ 22,100 ਨੌਕਰੀਆਂ ਹੋਰ ਜੁੜੀਆਂ ਹਨ, ਪਰ ਇਹ ਵਾਧਾ ਸਿਰਫ਼ ਪਾਰਟ-ਟਾਈਮ ਨੌਕਰੀਆਂ ਦਾ ਹੈ।

ਇਕ ਸਰਵੇ ‘ਚ ਹਾਲਾਂਕਿ ਅਗਸਤ ਲਈ ਬੇਰੋਜ਼ਗਾਰੀ ਦਰ 6.5% ਤੱਕ ਜਾਣ ਦੀ ਭਵਿੱਖਵਾਣੀ ਕੀਤੀ ਗਈ ਸੀ ਅਤੇ 25,000 ਨੌਕਰੀਆਂ ਜੋੜਨ ਦੀ ਉਮੀਦ ਕੀਤੀ ਗਈ ਸੀ। ਕੈਨੇਡਾ ਦੀ ਅਰਥਵਿਵਸਥਾ, ਉਚ ਵਿਆਜ ਦਰਾਂ ਕਾਰਨ ਥੋੜ੍ਹੀ ਸੁਸਤ ਚੱਲ ਰਹੀ ਹੈ। ਇਸ ਸਾਲ ਦੇ ਸ਼ੁਰੂ ਵਿੱਚ ਆਰਥਿਕਤਾ ‘ਚ ਹੋਇਆ ਵਾਧਾ, ਆਬਾਦੀ ‘ਚ ਹੋਏ ਵਾਧੇ ਕਾਰਨ ਦਰਜ ਕੀਤਾ ਗਿਆ ਸੀ। ਪਰ ਅਬਾਦੀ ‘ਚ ਹੋਏ ਵਾਧੇ ਨਾਲ ਅਰਥਵਿਵਸਥਾ ‘ਚ ਵਾਧਾ ਜਾਰੀ ਨਹੀਂ ਹੋ ਸਕਿਆ, ਜਿਸ ਨਾਲ ਬੇਰੋਜ਼ਗਾਰੀ ਦਰ ਵਿੱਚ ਵਾਧਾ ਹੋਇਆ ਹੈ।

ਜਨਵਰੀ 2023 ਤੋਂ ਬੇਰੋਜ਼ਗਾਰੀ ਦਰ ਵਿੱਚ 1.6 ਪ੍ਰਤੀਸ਼ਤ ਅੰਕਾਂ ਦਾ ਵਾਧਾ ਹੋਇਆ ਹੈ, ਜਿਸ ਨਾਲ ਕੁਝ ਅਰਥਸ਼ਾਸਤਰੀਆਂ ਚਿੰਤਿਤ ਹਨ। ਉਹਨਾਂ ਵੱਲੋਂ ਅਰਥਵਿਵਸਥਾ ਨੂੰ ਹੁਲਾਰਾ ਦੇਣ ਲਈ ਵਿਆਜ ਦਰਾਂ ਵਿੱਚ ਵੱਡੀ ਕਟੌਤੀ ਦੀ ਮੰਗ ਕੀਤੀ ਜਾ ਰਹੀ ਹੈ। ਬੇਰੋਜ਼ਗਾਰੀ ਵਿੱਚ ਸਭ ਤੋਂ ਵੱਧ ਵਾਧਾ 15 ਤੋਂ 24 ਸਾਲ ਦੀ ਉਮਰ ਦੇ ਨੌਜਵਾਨਾਂ ਵਿੱਚ ਹੋਇਆ ਹੈ, ਜੋ ਪਿਛਲੇ ਅੱਠ ਸਾਲਾਂ ਵਿੱਚ ਸਭ ਤੋਂ ਵੱਧ ਹੈ।

Leave a Reply