ਓਟਵਾ: ਫੈਡਰਲ ਅੰਕੜਿਆਂ ਦੇ ਮੁਤਾਬਕ ਕੈਨੇਡਾ ‘ਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਸਟੱਡੀ ਪਰਮਿਟਸ ਦੀ ਜ਼ਿਆਦਾਤਰ ਦਰ ਬਿਜ਼ਨਸ ਪ੍ਰੋਗਰਾਮ ‘ਚ ਦਰਜ ਕੀਤੀ ਗਈ ਹੈ,ਜਦੋਂ ਕਿ ਹੈਲਥ ਕੇਅਰ ਅਤੇ ਹੁਨਰਮੰਦ ਵਪਾਰ ਨਾਲ ਸਬੰਧਤ ਪ੍ਰੋਗਰਾਮਾਂ ਦੀ ਗਿਣਤੀ ਬੇਹੱਦ ਘੱਟ ਰਹੀ।
ਮਾਹਰਾਂ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ, ਸੂਬਾ ਸਰਕਾਰਾਂ ਅਤੇ ਕੈਨੇਡਾ ਦੀਆਂ ਯੂਨੀਵਰਸਟੀਆਂ ਅਤੇ ਕਾਲਜਾਂ ਵੱਲੋਂ ਕੋਈ ਅਜਿਹੇ ਯਤਨ ਨਹੀਂ ਕੀਤੇ ਗਏ ਜਿਸ ਤਹਿਤ ਵਿਦੇਸ਼ੀ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਵੱਧ ਤੋਂ ਵੱਧ ਸਟੱਡੀ ਵੀਜ਼ੇ ਉਹਨਾਂ ਕੋਰਸਾਂ ਲਈ ਦਿੱਤੇ ਜਾਣ ਜੋ ਦੇਸ਼ ਨੂੰ ਵਧੇਰੇ ਲੋੜ ਹੈ,ਜਿਵੇਂ ਕਿ ਹੈਲਥ-ਕੇਅਰ,ਮੈਡੀਸਨ ਆਦਿ।
ਅੰਕੜੇ ਦੱਸਦੇ ਹਨ ਕਿ ਸਾਲ 2018 ਤੋਂ 2023 ਤੱਕ 27% ਸਟੱਡੀ ਵੀਜ਼ੇ ਬਿਜ਼ਨਸ ਨਾਲ ਸਬੰਧਤ ਕੋਰਸਾਂ ਦੀਆਂ ਸੀਟਾਂ ਭਰਨ ਲਈ ਦਿੱਤੇ ਗਏ ਸਨ,ਜਦੋਂ ਕਿ ਮਹਿਜ਼ 6 ਫੀਸਦ ਵੀਜ਼ੇ ਹੈਲਥ ਸਾਇੰਸ,ਮੈਡੀਸਨ,ਅਤੇ ਬਾਇਓਮੈਡੀਕਲ ਸਾਇੰਸ ਪ੍ਰੋਗਰਾਮਾਂ ਲਈ ਦਿੱਤੇ ਗਏ।
ਓਥੇ ਹੀ ਟ੍ਰੇਡਜ਼ ਅਤੇ ਕਿੱਤਾ ਮੁਖੀ ਕੋਰਸਾਂ ਲਈ ਦਿੱਤੇ ਜਾਣ ਵਾਲੇ ਸਟੱਡੀ ਪਰਮਿਟਾਂ ਦੀ ਦਰ 1.25% ਦਰਜ ਕੀਤੀ ਗਈ।
ਮਾਹਰਾਂ ਦਾ ਕਹਿਣਾ ਹੈ ਕਿ ਬਿਜ਼ਨਸ ਨਾਲ ਸਬੰਧਤ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਿਦਿਆਰਥੀ ਨਾ ਤਾਂ ਹੁਨਰਮੰਦ ਟ੍ਰੇਡ ਦੀਆਂ ਮੰਗਾਂ ਦੀ ਪੂਰਤੀ ਕਰਦੇ ਹਨ ਅਤੇ ਨਾ ਹੀ ਉਹ ਆਪਣੀ ਪੜ੍ਹਾਈ ਨਾਲ ਸਬੰਧਤ ਖੇਤਰ ‘ਚ ਨੌਕਰੀ ਹਾਸਲ ਕਰਦੇ ਹਨ,ਜਿਸ ਸਦਕਾ ਉਹਨਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਸਟੇਟਸ ਹਾਸਲ ਕਰਨ ‘ਚ ਮੁਸ਼ਕਲ ਦਰਪੇਸ਼ ਆਉਂਦੀ ਹੈ।
ਉਮੀਦ ਕੀਤੀ ਜਾ ਰਹੀ ਹੈ ਕਿ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਆਉਣ ਵਾਲੇ ਇਨਟੇਕ ‘ਚ ਵਿਦਿਆਰਥੀਆਂ ਨੂੰ ਬਿਜ਼ਨਸ ਪ੍ਰੋਗਰਾਮਾਂ ‘ਚ ਜਾਣ ਦੀ ਬਜਾਏ ਕਿੱਤਾ ਮੁਖੀ ਕੋਰਸਾਂ ਵੱਲ ਰੁਖ਼ ਕਰਨ ਲਈ ਕਹਿਣਗੇ।