ਰਿਚਮੰਡ:ਬੀ.ਸੀ. ਪ੍ਰੀਮੀਅਰ ਡੇਵਿਡ ਈਬੀ ਅੱਜ ਸ਼ੇਰ-ਏ-ਪੰਜਾਬ ਪਹੁੰਚੇ ਅਤੇ ਜਸਬੀਰ ਰੋਮਾਣਾ ਸ਼ੋਅ ‘ਚ ਸ਼ਿਰਕਤ ਕੀਤੀ।
ਇਸ ਮੌਕੇ ਉਹਨਾਂ ਵੱਲੋਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਗੱਲਬਾਤ ਕੀਤੀ ਗਈ,ਜਿਸ ‘ਚ ਅੰਤਰਾਸ਼ਟਰੀ ਵਿਦਿਆਰਥੀਆਂ,ਸਰੀ ਪੁਲੀਸ ਸਰਵਿਸ ਦੀ ਟ੍ਰਾਂਜ਼ੀਸ਼ਨ ਤੋਂ ਇਲਾਵਾ ਹੋਰਨਾਂ ਕਈ ਮੁੱਦਿਆਂ ਨੂੰ ਲੈ ਕੇ ਅਹਿਮ ਚਰਚਾ ਹੋਈ।
ਉਹਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਰਹਿਣ-ਸਹਿਣ ਦੀ ਲਾਗਤ ਘੱਟ ਕਰਨ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।ਨਵੇਂ ਸਕੂਲ ਅਤੇ ਹਸਪਤਾਲ ਖੋਲੇ ਜਾ ਰਹੇ ਹਨ।
ਉਹਨਾਂ ਕਿਹਾ ਕਿ ਸੂਬਾ ਸਰਕਾਰ,ਫੈਡਰਲ ਸਰਕਾਰ ਨਾਲ ਮਿਲਕੇ ਕੰਮ ਕਰ ਰਹੀ ਹੈ ਤਾਂ ਜੋ ਘਰਾਂ ਦੀ ਕਿੱਲਤ ਨੂੰ ਦੂਰ ਕੀਤਾ ਜਾ ਸਕੇ।
ਸਰੀ ਪੁਲੀਸ ਟ੍ਰਾਂਜ਼ੀਸ਼ਨ ਨੂੰ ਲੈ ਕੇ ਟਿੱਪਣੀ ਕਰਦੇ ਹੋਏ ਉਹਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਫੈਸਲਾ ਸੁਣਾ ਦਿੱਤਾ ਗਿਆ ਹੈ ਅਤੇ ਸਰਕਾਰ ਆਰ.ਸੀ.ਐੱਮ.ਪੀ. ਨਾਲ ਅੱਗੇ ਨਹੀਂ ਵਧੇਗੀ।
ਬੀਤੇ ਦਿਨੀਂ ਇੰਮੀਗ੍ਰੇਸ਼ਨ ਮਨਿਸਟਰ ਦੁਆਰਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਕੀਤੇ ਜਾਣ ਨੂੰ ਲੈ ਕੇ ਮਿਸਟਰ ਈਬੀ ਨੇ ਕਿਹਾ ਕਿ ਹੁਣ ਤੱਕ ਵਿਦਿਆਰਥੀਆਂ ਦੀ ਵਧ ਰਹੀ ਗਿਣਤੀ ਦੇ ਕਾਰਨ ਉਹਨਾਂ ਦੇ ਸੋਸ਼ਣ ਦੀ ਸੰਭਾਵਨਾ ਵੀ ਵਧ ਗਈ ਹੈ।ਵਿਦਿਆਰਥੀਆਂ ਨੂੰ ਬੀ.ਸੀ. ਸੂਬੇ ‘ਚ ਸਾਕਾਰਾਤਮਕ ਮਾਹੌਲ ਮੁਹੱਈਆ ਕਰਵਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ ਅਤੇ ਸੂਬਾ ਸਰਕਾਰ ਕਾਲਜ ਅਤੇ ਯੂਨੀਵਰਸਟੀਆਂ ਨਾਲ ਮਿਲਕੇ ਯਕੀਨੀ ਬਣਾਏਗੀ ਕਿ ਕੁਆਲਟੀ ਸਿੱਖਿਆ ਦਿੱਤੀ ਜਾਵੇ।
ਸਕੂਲਾਂ ‘ਚ ਮੋਬਾਈਲ ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਨੂੰ ਲੈਕੇ ਉਹਨਾਂ ਕਿਹਾ ਕਿ ਨੌਜਵਾਨਾਂ ਅਤੇ ਬੱਚਿਆਂ ਨੂੰ ਆਨਲਾਈਨ ਹੁੰਦੇ ਨੁਕਸਾਨ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਹੈ ਤਾਂ ਜੋ ਪ੍ਰਿੰਸ ਜਾਰਜ ‘ਚ ਨਵੰਬਰ ਮਹੀਨੇ ‘ਚ 12 ਸਾਲਾ ਬੱਚੇ ਦੁਆਰਾ ਕੀਤੀ ਖੁਦਕੁਸ਼ੀ ਜਿਹੇ ਦਰਦਨਾਕ ਹਾਦਸੇ ਮੁੜ ਤੋਂ ਨਾ ਵਾਪਰਨ ।