ਬ੍ਰਿਟਿਸ਼ ਕੋਲੰਬੀਆ:ਦੋ ਮਿਲੀਅਨ ਤੋਂ ਵਧੇਰੇ ਲੋਕ ਇਸ ਹਫ਼ਤੇ ਆਪਣੇ ਖਾਤਿਆਂ (Bank Accounts) ‘ਚ ਵਧੇਰੇ ਪੈਸਾ ਦੇਖ ਸਕਣਗੇ, ਕਿਉਂਕਿ ਸੂਬਾ ਸਰਕਾਰ ਵੱਲੋਂ ਬੀ.ਸੀ. ਵਾਸੀਆਂ ਨੂੰ ਕਲਾਈਮੇਟ ਐਕਸ਼ਨ ਟੈਕਸ ਕ੍ਰੈਡਿਟ (Climate Action Tax Credit) ਦਿੱਤਾ ਜਾ ਰਿਹਾ ਹੈ। ਇਸ ਮੌਕੇ ਬੋਲਦਿਆਂ ਫਾਇਨਾਂਸ ਮਨਿਸਟਰ, ਕੈਟਰੀਨ ਕੋਨਰੌਏ ਨੇ ਕਿਹਾ ਹੈ ਕਿ ਵਧ ਰਹੀਆਂ ਵਿਆਜ਼ ਦਰਾਂ ਅਤੇ ਵਿਸ਼ਵ ਭਰ ‘ਚ ਵਧੀ ਮਹਿੰਗਾਈ ਦੇ ਚਲਦੇ ਸੂਬਾ ਸਰਕਾਰ ਵੱਲੋਂ ਹਮੇਸ਼ਾ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਲੋਕਾਂ ਦੇ ਖਾਤਿਆਂ ਵਿੱਚ ਵੱਧ ਤੋਂ ਵੱਧ ਪੈਸਾ ਭੇਜਿਆ ਜਾਵੇ।
ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਹੁਣ ਇਸ ਕ੍ਰੈਡਿਟ ਤੋਂ ਬਾਅਦ ਸਰਕਾਰ ਕਾਰਬਨ ਪ੍ਰਦੂਸ਼ਣ ਨੂੰ ਲੈਕੇ ਵੀ ਕਾਰਵਾਈ ਕਰੇਗੀ।
ਜ਼ਿਕਰਯੋਗ ਹੈ ਕਿ 2023 ਦੇ ਬਜਟ ਦੌਰਾਨ ਸੂਬੇ ਵੱਲੋਂ ਕਲਾਈਮੇਟ ਐਕਸ਼ਨ ਟੈਕਸ ਕ੍ਰੈਡਿਟ ਵਿੱਚ ਵਾਧਾ ਕੀਤਾ ਗਿਆ ਸੀ ਤਾਂ ਜੋ ਬੀ.ਸੀ. ਦੀ ਕਲੀਨ ਟ੍ਰਾਂਜ਼ੀਸ਼ਨ ਵੱਧ ਤੋਂ ਵੱਧ ਲੋਕਾਂ ਦੇ ਪਹੁੰਚ ਵਿੱਚ ਹੋਵੇ।ਕਲਾਈਮੇਟ ਐਕਸ਼ਨ ਟੈਕਸ ਕ੍ਰੈਡਿਟ ‘ਚ ਹੋਏ ਵਾਧੇ ਦੇ ਤਹਿਤ ਸਿੰਗਲ ਵਿਅਕਤੀ $447 ਸਾਲਾਨਾ ਹਾਸਲ ਕਰੇਗਾ, ਜੋ ਕਿ ਸਾਲ 2022 ਦੇ ਮੁਕਾਬਲੇ $250 ਵਧੇਰੇ ਰਹੇਗਾ। ਚਾਰ ਮੈਂਬਰਾਂ ਵਾਲਾ ਪਰਿਵਾਰ $893.50 ਸਾਲਾਨਾ ਹਾਸਲ ਕਰੇਗਾ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ $390 ਵੱਧ ਰਹੇਗਾ।