ਜਲੰਧਰ: ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀਰਵਾਰ ਨੂੰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਕਤਲ ਕੀਤੇ ਗਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਵਾਰ ਨੂੰ ਨਿਆਂ ਦਿਵਾਉਣ ਲਈ ਗੰਭੀਰ ਯਤਨ ਨਾ ਕਰਨ ਲਈ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ।
ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਮੂਸੇਵਾਲਾ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਦੇ ਦੋਸ਼ੀਆਂ ‘ਚੋਂ ਇੱਕ ਅਨਮੋਲ ਬਿਸ਼ਨੋਈ, ਜੋ ਕਿ ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਰਾ ਵੀ ਹੈ, ਨੂੰ ਅਮਰੀਕਾ ‘ਚ ਇੱਕ ਵਿਆਹ ਪਾਰਟੀ ‘ਚ ਨੱਚਦੇ ਹੋਏ ਦੇਖਿਆ ਗਿਆ ਹੈ। ਕੁੱਝ ਹਫ਼ਤੇ ਪਹਿਲਾਂ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਜੇਲ੍ਹ ਤੋਂ ਇੱਕ ਨਿੱਜੀ ਨਿਊਜ਼ ਚੈਨਲ ਨੂੰ ਇੰਟਰਵਿਊ ਦਿੱਤੇ ਸਨ।
“ਇਹ ਸ਼ੁਭਦੀਪ ਸਿੰਘ ਸਿੱਧੂ ਦੇ ਬੇਸਹਾਰਾ ਮਾਪਿਆਂ ਦੇ ਜ਼ਖ਼ਮਾਂ ‘ਤੇ ਲੂਣ ਰਗੜਨ ਵਾਂਗ ਹੈ, ਜੋ ਆਪਣੇ ਕਤਲ ਕੀਤੇ ਗਏ ਪੁੱਤਰ ਨੂੰ ਨਿਆਂ ਦਿਵਾਉਣ ਲਈ ਇੱਧਰ ਉੱਧਰ ਭਟਕ ਰਹੇ ਹਨ, ਜਦੋਂ ਕਿ ਅਪਰਾਧੀ ਆਜ਼ਾਦ ਘੁੰਮ ਰਹੇ ਹਨ”, ਵਿਰੋਧੀ ਧਿਰ ਦੇ ਆਗੂ ਨੇ ਨਿਆਂ ਦੇਣ ਲਈ ਪੰਜਾਬ ਸਰਕਾਰ ਦੀ ਗੰਭੀਰਤਾ ‘ਤੇ ਸਵਾਲ ਉਠਾਉਂਦੇ ਹੋਏ ਕਿਹਾ।
ਵਿਰੋਧੀ ਧਿਰ ਦੇ ਆਗੂ ਨੇ ਪੁੱਛਿਆ, ਹੁਣ ਇਹ ਪਤਾ ਲੱਗ ਚੁੱਕਾ ਹੈ ਕਿ ਅਨਮੋਲ ਬਿਸ਼ਨੋਈ ਅਮਰੀਕਾ ਵਿੱਚ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਮਾਨ ਨੇ ਇਸੇ ਮਾਮਲੇ ਦੇ ਇੱਕ ਹੋਰ ਮੁਲਜ਼ਮ ਗੋਲਡੀ ਬਰਾੜ ਦੀ ਅਮਰੀਕਾ ਵਿੱਚ ਗ੍ਰਿਫ਼ਤਾਰੀ ਦੇ ਦਾਅਵੇ ਕੀਤੇ ਸਨ, ਜੋ ਬਾਅਦ ਵਿੱਚ ਝੂਠੇ ਸਾਬਤ ਹੋਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦ੍ਰਿੜਤਾ ਦਾ ਪ੍ਰਦਰਸ਼ਨ ਕਰ ਕੇ ਦੋਵਾਂ ਮੁਲਜ਼ਮਾਂ ਨੂੰ ਅਮਰੀਕਾ ਵਿੱਚ ਗ੍ਰਿਫ਼ਤਾਰ ਕਿਉਂ ਨਹੀਂ ਕਰਵਾ ਸਕਦੇ ਅਤੇ ਫਿਰ ਉਨ੍ਹਾਂ ਨੂੰ ਭਾਰਤ ਹਵਾਲੇ ਕਰ ਕੇ ਇੱਥੇ ਅਦਾਲਤ ਦਾ ਸਾਹਮਣਾ ਕਿਉਂ ਨਹੀਂ ਕਰਵਾ ਸਕਦੇ?
“ਪੰਜਾਬ ਸਰਕਾਰ ਨੇ ਇੱਕ ਨਿੱਜੀ ਨਿਊਜ਼ ਪਲੇਟਫ਼ਾਰਮ ‘ਤੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੀ ਜਾਂਚ ਲਈ ਨਸ਼ਾ ਵਿਰੋਧੀ ਵਿਸ਼ੇਸ਼ ਟਾਸਕ ਫੋਰਸ ਦੇ ਵਿਸ਼ੇਸ਼ ਡੀਜੀਪੀ ਕੁਲਦੀਪ ਸਿੰਘ ਦੀ ਅਗਵਾਈ ਹੇਠ ਇੱਕ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਨੇ 12 ਅਪ੍ਰੈਲ ਤੱਕ ਆਪਣੀ ਰਿਪੋਰਟ ਸੌਂਪਣੀ ਸੀ। ਇਸ ਦੀ ਸਮਾਂ-ਸੀਮਾ ਖ਼ਤਮ ਹੋਏ ਨੂੰ ਲਗਭਗ ਇੱਕ ਹਫ਼ਤਾ ਹੋ ਗਿਆ ਹੈ, ਅਤੇ ਪੰਜਾਬ ਸਰਕਾਰ ਨੇ ਅਜੇ ਤੱਕ ਜਾਂਚ ਦੇ ਨਤੀਜਿਆਂ ਨੂੰ ਜਨਤਕ ਨਹੀਂ ਕੀਤਾ ਹੈ”, ਬਾਜਵਾ ਨੇ ਕਿਹਾ।
ਕਾਦੀਆਂ ਦੇ ਵਿਧਾਇਕ ਬਾਜਵਾ ਨੇ ਕਿਹਾ ਕਿ ਗੈਂਗਸਟਰ ਬਿਸ਼ਨੋਈ ਜੇਲ੍ਹ ਚੋਂ ਇੰਟਰਵਿਊ ਦੀ ਪੁਲਿਸ ਅਤੇ ਜੇਲ੍ਹ ਅਥਾਰਿਟੀ ਤੋਂ ਜਾਂਚ ਕਰਵਾਉਣਾ ਇਸ ਮਾਮਲੇ ਨੂੰ ਠੰਢੇ ਵਾਸਤੇ ਵਿੱਚ ਪਾਉਣ ਵਾਂਗ ਹੈ। ਪੁਲਿਸ ਅਤੇ ਜੇਲ੍ਹ ਅਥਾਰਿਟੀ, ਜੋ ਕਿ ਬਿਸ਼ਨੋਈ ਦੀ ਜੇਲ੍ਹ ਚੋਂ ਇੰਟਰਵਿਊ ਦੇ ਪ੍ਰਸਾਰਣ ਲਈ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ, ਤੋਂ ਨਿਰਪੱਖ ਜਾਂਚ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ? ਸਰਕਾਰ ਨੂੰ ਨਿਆਂਪਾਲਿਕਾ ਦੀ ਅਗਵਾਈ ਵਾਲੀ ਕਿਸੇ ਸੁਤੰਤਰ ਅਤੇ ਨਿਰਪੱਖ ਕਮੇਟੀ ਤੋਂ ਇਸ ਮਾਮਲੇ ਦੀ ਜਾਂਚ ਕਰਵਾਉਣੀ ਚਾਹੀਦੀ ਹੈ।