ਆਦਮਪੁਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਇਹ ਜ਼ੋਰ ਦੇ ਕੇ ਆਖ ਰਹੇ ਹਨ ਕਿ ਸੂਬੇ ਦੇ ਰਾਜਪਾਲ ਨੂੰ ਉਹਨਾਂ ਤੋਂ ਸਵਾਲ ਪੁੱਛਣ ਦਾ ਕੋਈ ਹੱਕ ਨਹੀਂ ਕਿਉਂਕਿ ਉਹ ’ਸਲੈਕਟਡ’ (ਨਾਮਜ਼ਦ) ਹਨ ਨਾ ਕਿ ’ਇਲੈਕਟਡ’ (ਚੁਣੇ ਹੋਏ) ਪਰ ਮੁੱਖ ਮੰਤਰੀ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਸਰਕਾਰ ਚਲਾਉਣ ਦਾ ਹੱਕ ਦੇ ਰਹੇ ਹਨ।
ਉਹਨਾਂ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦੇ ਹਨ ਕਿ ਕੀ ਅਰਵਿੰਦ ਕੇਜਰੀਵਾਲ ਪੰਜਾਬ ਤੋਂ ਚੁਣੇ ਹੋਏ ਹਨ ? ਉਹਨਾਂ ਕਿਹਾ ਕਿ ਇਸੇ ਤਰੀਕੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਜੋ ਪੰਜਾਬ ਤੋਂ ਚੁਣੇ ਨਹੀਂ ਹੋਏ, ਉਹਨਾਂ ਰਾਜ ਦੀ ਆਬਕਾਰੀ ਨੀਤੀ ਤਿਆਰ ਕੀਤੀ ਹੈ।ਉਹਨਾਂ ਕਿਹਾ ਕਿ ਰਾਘਵ ਚੱਢਾ ਨੂੰ ਵੀ ਪੰਜਾਬੀਆਂ ਨੇ ਨਹੀਂ ਚੁਣਿਆ ਪਰ ਉਹ ਸਾਅ ਸਿਵਲ ਤੇ ਪੁਲਿਸ ਤਬਾਦਲਿਆਂ ਤੇ ਤਾਇਨਾਤੀਆਂ ਦੇ ਫੈਸਲੇ ਲੈ ਰਹੇ ਹਨ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਸੂਬੇ ਨੂੰ ਦਰਪੇਸ਼ ਇਸ ਸੰਵਿਧਾਨਕ ਸੰਕਟ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਪੰਜਾਬ ਦੇ ਮਾਮਲਿਆਂ ਦਾ ਕੰਟਰੋਲ ਆਪ ਦੀ ਦਿੱਲੀ ਲੀਡਰਸ਼ਿਪ ਨੂੰ ਦੇ ਦਿੱਤਾ ਹੈ ਜੋ ਕਿ ਗੈਰ ਸੰਵਿਧਾਨਕ ਹੈ। ਉਹਨਾਂ ਕਿਹਾ ਕਿ ਉਹ ਰਾਜਪਾਲ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਵੀ ਭੱਜ ਰਹੇ ਹਨ ਜਦੋਂ ਕਿ ਰਾਜਪਾਲ ਨੇ ਉਹਨਾਂ ਨੂੰ ਭ੍ਰਿਸ਼ਟਾਚਾਰ ਅਤੇ ਗੈਰ ਕਾਨੂੰਨੀ ਫੈਸਲਿਆਂ ਬਾਰੇ ਸਵਾਲ ਕੀਤਾ ਹੈ।ਉਹਨਾਂ ਕਿਹਾ ਕਿ ਇਹ ਸਵਾਲ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਪੁੱਛੇ ਹਨ। ਉਹਨਾਂ ਕਿਹਾ ਕਿ ਸਿਆਸੀ ਪਾਰਟੀਆਂ ਤੇ ਸਿਆਣੇ ਲੋਕਾਂ ਨੇ ਆਰ ਟੀ ਆਈ ਰਾਹੀਂ ਜਵਾਬ ਲੈਣ ਦਾ ਯਤਨ ਕੀਤਾ ਪਰ ਇਸਨੂੰ ਬਲਾਕ ਕਰ ਦਿੱਤਾ ਗਿਆ। ਇਸ ਮਗਰੋਂ ਸਿਆਸੀ ਪਾਰਟੀਆਂ ਨੇ ਰਾਜਪਾਲ ਤੱਕ ਪਹੁੰਚ ਕੀਤੀ ਅਤੇ ਉਹਨਾਂ ਨੂੰ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਆਖਣ ਕਿ ਉਹ ਉਹਨਾਂ ਦੀ ਸਰਕਾਰ ਵੱਲੋਂ ਲਏ ਗੈਰ ਸੰਵਿਧਾਨਕ ਫੈਸਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਸੰਘੀ ਢਾਂਚੇ ਦਾ ਮੁਦੱਈ ਰਿਹਾ ਹੈ ਤੇ ਰਾਜਾਂ ਵਿਚ ਕੇਂਦਰ ਦੇ ਦਖਲ ਦਾ ਵਿਰੋਧੀ ਰਿਹਾ ਹੈ। ਉਹਨਾਂ ਕਿਹਾ ਕਿ ਰਾਜਪਾਲ ਵੱਲੋਂ ਭ੍ਰਿਸ਼ਟਾਚਾਰ ਸਬੰਧੀ ਅਤੇ ਗੈਰ ਸੰਵਿਧਾਨਕ ਨਿਯੁਕਤੀਆਂ ਸਬੰਧੀ ਤੇ 2.5 ਲੱਖ ਐਸ ਸੀ ਬੱਚਿਆਂ ਵੱਲੋਂ ਸਕਾਲਰਸ਼ਿਪ ਨਾ ਮਿਲਣ ’ਤੇ ਪੜ੍ਹਾਈ ਛੱਡਣ ਸਬੰਧੀ ਸਵਾਲ ਪੁੱਛੇ ਗਏ ਹਨ। ਉਹਨਾਂ ਕਿਹਾ ਕਿ ਆਪ ਸਰਕਾਰ ਨੂੰ ਇਹਨਾਂ ਲੋਕ ਭਲਾਈ ਦੇ ਮੁੱਦਿਆਂ ’ਤੇ ਜਵਾਬ ਦੇਣ ਤੋਂ ਭੱਜਣਾ ਨਹੀਂ ਚਾਹੀਦਾ।
ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਅਕਾਲੀ ਦਲ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕੋਲ ਪਹੁੰਚ ਕਰ ਕੇ ਬੇਨਤੀ ਕੀਤੀਸੀ ਕਿ ਆਮ ਆਦਮੀ ਪਾਰਟੀ ਨੂੰ ਸਰਕਾਰ ਵੱਲੋਂ ਪੰਜਾਬ ਤੋਂ ਬਾਹਰ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਚੋਣਾਂ ਵੇਲੇ ਉਹਨਾਂ ਰਾਜਾਂ ਵਿਚ ਕੀਤੀ ਗਈ ਇਸ਼ਤਿਹਾਰਬਾਜ਼ੀ ਦੇ ਹਿਸਾਬ ਦੀ ਜਵਾਬ ਤਲਬੀ ਕੀਤੀ ਜਾਵੇ।ਉਹਨਾਂ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਲਈ ਹੋਰ ਰਾਜਾਂ ਵਿਚ ਸਰਕਾਰੀ ਇਸ਼ਤਿਹਾਰਾਂ ’ਤੇ ਕੀਤੇ ਖਰਚ ਦੀ ਆਪ ਕੋਲੋਂ ਵਸੂਲੀ ਕਰਨ ਦੀ ਬੇਨਤੀ ਕੀਤੀ ਸੀ।
ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਦੀ ਮਾਰ ਲੋਕ ਝੱਲ ਰਹੇ ਹਨ। ਉਹਨਾਂ ਕਿਹਾ ਕਿ ਇਕ ਸਾਲ ਵਿਚ ਹੀ 750 ਕਰੋੜ ਰੁਪਏ ਇਸ਼ਤਿਹਾਰਬਾਜ਼ੀ ਵਾਸਤੇ ਰੱਖੇ ਗਏ ਹਨ। ਉਹਨਾਂ ਕਿਹਾ ਕਿ ਇਹੀ ਪੈਸਾ ਸਮਾਜ ਭਲਾਈ ਸਕੀਮਾਂ ਵਾਸਤੇ ਖਰਚ ਕੀਤਾ ਜਾ ਸਕਦਾ ਹੈ। ਇਹਨਾਂ ਵਿਚ ਆਸ਼ੀਰਵਾਦ ਸਕੀਮ ਵੀ ਸ਼ਾਮਲ ਹੈ ਜਿਸ ਤਹਿਤ ਕਮਜ਼ੋਰ ਵਰਗਾਂ ਦੀਆਂ ਧੀਆਂ ਨੂੰ ਵਿਆਹ ’ਤੇ ਸ਼ਗਨ ਦਿੱਤਾ ਜਾਂਦਾ ਹੈ ਤੇ ਸਰਕਾਰ ਨੇ 10 ਮਹੀਨਿਆਂ ਤੋਂ 51000 ਰੁਪਏ ਦੀ ਇਹ ਸ਼ਗਨ ਰਾਸ਼ੀ ਜਾਰੀ ਨਹੀਂ ਕੀਤੀ।
ਬਾਦਲ ਨੇ ਆਪ ਸਰਕਾਰਵੱਲੋਂ ਅਖਬਾਰਾਂ ਵਿਚ ਪੂਰੇ ਸਫੇ ਦਾ ਇਸ਼ਤਿਹਾਰ ਦੇ ਕੇ ਸਰਕਾਰ ਵੱਲੋਂ 40 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕਰਵਾਇਆ ਹੋਣ ਅਤੇ 2.5 ਲੱਖ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹੋਣ ਦਾ ਝੂਠਾ ਦਾਅਵਾ ਕਰਨ ਦੀ ਵੀ ਨਿਖੇਧੀ ਕੀਤੀ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਝੂਠ ਬੋਲ ਰਹੇ ਹਨ ਤੇ ਸੂਬੇ ਵਿਚ ਕੋਈ ਨਿਵੇਸ਼ ਨਹੀਂ ਹੋਇਆ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਪੰਜਾਬ ਤੋਂ ਉਦਯੋਗ ਉੱਤਰ ਪ੍ਰਦੇਸ਼ ਤੇ ਹੋਰ ਰਾਜਾਂ ਵਿਚ ਜਾ ਰਹੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪਹਿਲਾਂ ਲਾਏ ਗਏ ਨਵੇਂ ਉਦਯੋਗਾਂ ਦੀ ਸੂਚੀ ਜਾਰੀ ਕਰਨ। ਉਹਨਾਂ ਕਿਹਾ ਕਿ ਇਸੇ ਤਰੀਕੇ ਸ੍ਰੀ ਭਗਵੰਤ ਮਾਨ ਦਾਅਵਾ ਕਰ ਰਹੇ ਹਨ ਕਿ 2.5 ਲੱਖ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ ਤੇ ਜੇਕਰ ਉਹਨਾਂ ਦੀ ਗੱਲ ’ਤੇ ਵਿਸ਼ਵਾਸ ਕੀਤਾ ਜਾਵੇ ਤਾਂ ਇਸਦਾ ਮਤਲਬ ਹੋਵੇਗਾ ਕਿ ਹਰ ਪਿੰਡ ਵਿਚ 20 ਨੌਕਰੀਆਂ ਮਿਲੀਆਂ ਹਨ ਤੇ ਇਹ ਕੋਰਾ ਝੂਠ ਹੈ। ਉਹਨਾਂ ਨੇ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਕਿ ਉਹ ਅਜਿਹੇ 500 ਨੌਜਵਾਨਾਂ ਦੀ ਸੂਚੀ ਜਾਰੀ ਕਰਨ ਜਿਹਨਾਂ ਨੂੰ ਇਹ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ ਹਨ।
ਇਸ ਤੋਂ ਪਹਿਲਾਂ ਜਲੰਧਰ ਜ਼ਿਲ੍ਹੇ ਦੇ ਆਦਮਪੁਰ ਹਲਕੇ ਦੇ ਦਿਨ ਭਰ ਦੇ ਦੌਰੇ ਦੌਰਾਨ ਬਾਦਲ ਗੁਰਦੁਆਰਾ ਸ਼ਹੀਦ ਨਿਹਾਲ ਸਿੰਘ ਜੀ ਤਲ੍ਹੱਣ ਵਿਖੇ ਨਤਮਸਤਕ ਹੋਏ ਤੇ ਫਿਰ ਨਿਰਮਲ ਕੁਟੀਆ ਜੋਹਲਾਂ ਵਿਖੇ ਨਤਮਸਤਕਹੋਏ ਜਿਥੇ ਉਹਨਾਂ ਸੰਤ ਬਾਬਾ ਜੀਤ ਸਿੰਘ ਜੀ ਤੋਂ ਆਸ਼ੀਰਵਾਦ ਲਿਆ। ਬਾਅਦ ਵਿਚ ਉਹ ਪਿੰਡ ਉੱਚਾ ਵਿਚ ਡੇਰਾ ਬਾਪੂ ਮੰਗਲ ਦਾਸ ਵੀ ਗਏ।
ਇਸ ਤੋਂ ਇਲਾਵਾ ਅਕਾਲੀ ਦਲ ਦੇ ਪ੍ਰਧਾਨ ਨੇ ਪਿੰਡ ਤੱਲ੍ਹਣ, ਹਜਾਰਾ, ਧਦੌੜ, ਉੱਚਾ ਤੇ ਹੋਰ ਪਿੰਡਾਂ ਵਿਚ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਹਨਾਂ ਨਾਲ ਸਾਬਕਾ ਵਿਧਾਇਕ ਤੇ ਆਦਮਪੁਰ ਦੇ ਹਲਕਾ ਇੰਚਾਰਜ ਪਵਨ ਟੀਨੂੰ, ਜਲੰਧਰ ਛਾਉਣੀ ਦੇ ਸਾਬਕਾ ਵਿਧਾਇਕ ਜਬੀਰ ਸਿੰਘ ਬਰਾੜ ਤੇ ਬਸਪਾ ਆਗੂ ਬਲਵਿੰਦਰ ਕੁਮਾਰ ਵੀ ਨਾਲ ਸਨ।