ਚੰਡੀਗੜ੍ਹ: ਪੰਜਾਬ ਦੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਲੰਪੀ ਸਕਿਨ ਬੀਮਾਰੀ ਤੋਂ ਗਾਵਾਂ ਦੇ ਅਗਾਊਂ ਬਚਾਅ ਲਈ ਮੈਗਾ ਟੀਕਾਕਰਨ ਮੁਹਿੰਮ ਵਿੱਢਣ ਵਾਸਤੇ ਗੋਟ ਪੋਕਸ ਵੈਕਸੀਨ ਦੀਆਂ 25 ਲੱਖ ਖ਼ੁਰਾਕਾਂ ਏਅਰਲਿਫ਼ਟ ਕਰ ਲਈਆਂ ਹਨ।
ਉਨ੍ਹਾਂ ਕਿਹਾ ਕਿ ਪਿਛਲੇ ਵਰ੍ਹੇ ਦੂਜੇ ਸੂਬਿਆਂ ਤੋਂ ਪੰਜਾਬ ਵਿੱਚ ਫੈਲੀ ਇਸ ਬੀਮਾਰੀ ਨਾਲ ਪਸ਼ੂ-ਧੰਨ ਦਾ ਬਹੁਤ ਨੁਕਸਾਨ ਹੋਇਆ ਸੀ। ਇਹ ਬੀਮਾਰੀ ਮੁੜ ਸੂਬੇ ਵਿੱਚ ਕਿਰਸਾਣੀ, ਪਸ਼ੂ-ਧੰਨ ਅਤੇ ਸਬੰਧਤ ਕਿੱਤਿਆਂ ਦਾ ਨੁਕਸਾਨ ਨਾ ਕਰ ਸਕੇ, ਇਸ ਲਈ ਸੂਬਾ ਸਰਕਾਰ ਨੇ ਪਹਿਲਾਂ ਹੀ ਵਿਉਂਤਬੰਦੀ ਕੀਤੀ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਲੰਪੀ ਸਕਿਨ ਬੀਮਾਰੀ ਦੀ ਰੋਕਥਾਮ ਅਤੇ ਭਵਿੱਖੀ ਰਣਨੀਤੀ ਉਲੀਕਣ ਲਈ ਗਠਤ ਕੀਤੇ ਗਏ ਮੰਤਰੀ ਸਮੂਹ ਦੀ ਮੀਟਿੰਗ ਦੌਰਾਨ ਲਏ ਫ਼ੈਸਲੇ ਅਨੁਸਾਰ 15 ਫ਼ਰਵਰੀ, 2023 ਤੋਂ ਰਾਜ ਪੱਧਰੀ ਮੈਗਾ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਇਸ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਕਰੀਬ 45 ਦਿਨ ਤਕ ਚੱਲਣ ਵਾਲੀ ਇਸ ਟੀਕਾਕਰਨ ਮੁਹਿੰਮ ਵਿੱਚ 31 ਮਾਰਚ, 2023 ਤੱਕ ਸੂਬੇ ਦੇ ਸਮੁੱਚੇ ਗਊਧਨ ਦਾ ਮੁਫ਼ਤ ਟੀਕਾਕਰਨ ਕੀਤਾ ਜਾਵੇਗਾ।
ਪਸ਼ੂ ਪਾਲਣ ਮੰਤਰੀ ਨੇ ਦੱਸਿਆ ਕਿ ਤੇਲੰਗਾਨਾ ਦੇ ਸਰਕਾਰੀ “ਸਟੇਟ ਵੈਟਰਨਰੀ ਬਾਇਉਲੌਜੀਕਲ ਐਂਡ ਰਿਸਰਚ ਇੰਸਟੀਚਿਊਟ, ਹੈਦਰਾਬਾਦ” ਤੋਂ 25 ਲੱਖ ਖ਼ੁਰਾਕਾਂ ਖ਼ਰੀਦ ਕੇ ਲੁਧਿਆਣਾ ਸਥਿਤ ਪੰਜਾਬ ਵੈਟਨਰੀ ਵੈਕਸੀਨ ਸੰਸਥਾ ਵਿਖੇ ਸਟੋਰ ਕੀਤੀਆਂ ਗਈਆਂ ਹਨ, ਜਿਥੋਂ ਇਨ੍ਹਾਂ ਖ਼ੁਰਾਕਾਂ ਨੂੰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਵੈਕਸੀਨ ਨੂੰ ਤੇਲੰਗਾਨਾ ਤੋਂ ਟਰਾਂਸਪੋਰਟ ਕਰਦੇ ਸਮੇਂ ਵੈਕਸੀਨ ਦੀ ਗੁਣਵੱਤਾ ਲਈ ਕੋਲਡ ਚੇਨ ਬਰਕਰਾਰ ਰੱਖਣ ਦਾ ਵਿਸ਼ੇਸ ਧਿਆਨ ਰੱਖਿਆ ਗਿਆ ਹੈ।
ਮੈਗਾ ਟੀਕਾਕਰਨ ਮੁਹਿੰਮ ਲਈ ਕੀਤੇ ਗਏ ਪ੍ਰਬੰਧ
ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਟੀਕਾਕਰਨ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਡਾਇਰੈਕਟੋਰੇਟ ਵਿਖੇ ਇਕ ਜੁਆਇੰਟ ਡਾਇਰੈਕਟਰ ਪੱਧਰ ਦੇ ਅਧਿਕਾਰੀ ਨੂੰ ਨੋਡਲ ਅਫ਼ਸਰ ਵਜੋਂ ਨਿਯੁਕਤ ਕੀਤਾ ਜਾ ਰਿਹਾ ਹੈ, ਜੋ ਰੋਜ਼ਾਨਾ ਪ੍ਰਗਤੀ ਦੀ ਪੈਰਵਾਈ ਕਰੇਗਾ ਅਤੇ ਤਾਲਮੇਲ ਰੱਖੇਗਾ। ਵਿਭਾਗ ਵੱਲੋਂ ਪਹਿਲਾਂ ਜਾਰੀ ਹਦਾਇਤਾਂ ਅਨੁਸਾਰ ਪਸ਼ੂ ਹਸਪਤਾਲ/ਸੰਸਥਾ ਪੱਧਰ ‘ਤੇ ਟੀਮਾਂ ਬਣਾ ਕੇ ਟੀਕਾਕਰਨ ਕੀਤਾ ਜਾਵੇਗਾ ਅਤੇ ਟੀਕਾਕਰਨ ਦੌਰਾਨ ਕੋਲਡ ਚੇਨ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਵਿਭਾਗ ਦੇ ਪ੍ਰਬੰਧਕੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਦਸੰਬਰ 2022 ਵਿੱਚ 77 ਵੈਟਰਨਰੀ ਅਫ਼ਸਰਾਂ ਨੂੰ ਸੀਨੀਅਰ ਵੈਟਰਨਰੀ ਅਫ਼ਸਰਾਂ/ਸਹਾਇਕ ਡਾਇਰੈਕਟਰਾਂ ਵਜੋਂ ਤਰੱਕੀ ਦਿਤੀ ਗਈ ਤਾਂ ਜੋ ਸਮੁੱਚੇ ਪੰਜਾਬ ਵਿੱਚ ਜ਼ਿਲਾ/ਤਹਿਸੀਲ ਪੱਧਰ ‘ਤੇ ਟੀਕਾਕਰਨ ਮੁਹਿੰਮ ਅਤੇ ਹੋਰ ਵਿਭਾਗੀ ਸਕੀਮਾਂ ਦਾ ਸੁਚੱਜਾ ਨਿਰੀਖਣ ਯਕੀਨੀ ਬਣਾਈ ਜਾ ਸਕੇ। ਟੀਕਾਕਰਨ ਮੁਹਿੰਮ ਦੇ ਮੱਦੇਨਜ਼ਰ ਵਿਭਾਗ ਵੱਲੋਂ 418 ਵੈਟਰਨਰੀ ਅਫ਼ਸਰਾਂ ਦੀ ਭਰਤੀ ਪ੍ਰਕਿਰਿਆ ਤੇਜ਼ੀ ਨਾਲ ਮੁਕੰਮਲ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਵਿਸ਼ਾਣੂਆਂ ਤੋਂ ਹੋਣ ਵਾਲੀ ਲੰਪੀ ਸਕਿਨ ਬੀਮਾਰੀ ਨੇ ਜੁਲਾਈ 2022 ਵਿੱਚ ਸੂਬੇ ਦੇ ਗਊਧਨ ਨੂੰ ਵੱਡੀ ਪੱਧਰ ‘ਤੇ ਆਪਣੀ ਲਪੇਟ ਵਿੱਚ ਲੈ ਲਿਆ ਸੀ। ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਕਰੀਬ 1.75 ਲੱਖ ਗਊਧਨ ਪ੍ਰਭਾਵਤ ਹੋਇਆ ਸੀ ਅਤੇ ਇਸ ਸਮੇਂ ਦੌਰਾਨ ਲਗਭਗ 18 ਹਜ਼ਾਰ ਗਊਧਨ ਦੀ ਮੌਤ ਹੋਈ ਸੀ।
ਸੂਬਾ ਸਰਕਾਰ ਵੱਲੋਂ ਲੰਪੀ ਸਕਿਨ ਬੀਮਾਰੀ ਦੀ ਗੰਭੀਰਤਾ ਨੂੰ ਦੇਖਦਿਆਂ ਅਤੇ ਪਸ਼ੂ ਪਾਲਕਾਂ ਦੀ ਆਰਥਿਕਤਾ ਬਚਾਉਣ ਦੇ ਮਕਸਦ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ‘ਤੇ ਆਧਾਰਤ ਮੰਤਰੀ ਸਮੂਹ ਦਾ ਗਠਨ ਕੀਤਾ ਗਿਆ ਸੀ। ਮੰਤਰੀ ਸਮੂਹ ਵੱਲੋਂ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸ਼ਿਜ ਯੂਨੀਵਰਸਿਟੀ, ਲੁਧਿਆਣਾ ਦੇ ਮਾਹਿਰਾਂ ਅਤੇ ਵਿਭਾਗੀ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗਾਂ ਕਰਕੇ ਬੀਮਾਰੀ ਤੋਂ ਬਚਾਅ, ਪਸ਼ੂਆਂ ਦੇ ਇਲਾਜ ਅਤੇ ਬੀਮਾਰੀ ਦੇ ਹਮਲੇ ਨੂੰ ਰੋਕਣ ਲਈ ਭਵਿੱਖੀ ਰਣਨੀਤੀ ਉਲੀਕਣ ਵਾਸਤੇ ਢੁਕਵੇਂ ਫ਼ੈਸਲੇ ਲਏ।
ਸਰਕਾਰ ਵੱਲੋਂ ਪਿਛਲੇ ਵਰ੍ਹੇ 1.54 ਕਰੋੜ ਰੁਪਏ ਦੀ ਲਾਗਤ ਨਾਲ 10.16 ਲੱਖ ਖ਼ੁਰਾਕਾਂ ਏਅਰ-ਲਿਫਟ ਕੀਤੀਆਂ ਗਈਆਂ ਅਤੇ ਸੂਬੇ ਦੇ 9.2 ਲੱਖ ਯੋਗ ਗਊਧਨ ਦਾ ਮੁਫ਼ਤ ਟੀਕਾਕਰਨ ਕੀਤਾ ਗਿਆ । ਇਸ ਤੋਂ ਇਲਾਵਾ ਪ੍ਰਭਾਵਿਤ ਪਸ਼ੂਆਂ ਦੇ ਇਲਾਜ ਲਈ ਜ਼ਿਲ੍ਹਿਆਂ ਨੂੰ ਦਵਾਈਆਂ ਦੀ ਖ਼ਰੀਦ ਲਈ 1.34 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ।