Skip to main content

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਹਿੰਦੂਤਵ ਦਾ ਵਿਖਾਵਾ ਕਰਨ ਅਤੇ ਇਥੋਂ ਤਕ ਕਿ ਭਾਜਪਾ ਨੂੰ ਫਿਰਕੂ ਤੇ ਕੱਟੜਪੰਥੀ ਸਿਆਸਤ ਵਿੱਚ ਪਿੱਛੇ ਛੱਡਣ ਦੀ ਕੋਸ਼ਿਸ਼ ਕਰਨ ਦੀ ਨਿੰਦਾ ਕਰਦਿਆਂ, ਇਸਨੂੰ ਪੰਜਾਬੀਅਤ ਦੀ ਵਿਚਾਰਧਾਰਾ ਦੇ ਖ਼ਿਲਾਫ਼ ਦੱਸਿਆ ਹੈ। ਉਨ੍ਹਾਂ ਕਿਹਾ ਕਿ ਹਿੰਦੂਤਵ ਦਾ ਮੁਕਾਬਲਾ ਕਰਨ ਦੀ ਖੇਡ ਵਿੱਚ ਕੇਜਰੀਵਾਲ ਭਾਜਪਾ ਨੂੰ ਵੀ ਪਿੱਛੇ ਛੱਡਣ ਦੀ ਕੋਸ਼ਿਸ਼ ਕਰ ਰਿਹਾ ਹੈ।

ਇੱਥੇ ਜਾਰੀ ਇੱਕ ਬਿਆਨ ਵਿੱਚ, ਵੜਿੰਗ ਨੇ ਕਿਹਾ ਕਿ ਕੇਜਰੀਵਾਲ ਜਿਸ ਤਰੀਕੇ ਨਾਲ ਹਿੰਦੂਤਵ ਦੇ ਏਜੰਡੇ ਦਾ ਵਿਖਾਵਾ ਕਰ ਰਹੇ ਹਨ, ਉਸ ਤੋਂ ਸਪੱਸ਼ਟ ਹੈ ਕਿ ਉਹ ਆਰਸੀਐਸ ਦਾ ਨਵਾਂ ਪੋਸਟਰ ਬੁਆਏ ਬਣਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਨਰਿੰਦਰ ਮੋਦੀ ਦੀ ਥਾਂ ਲੈਣਾ ਚਾਹੁੰਦੇ ਹਨ। ਕੇਜਰੀਵਾਲ ਵੱਲੋਂ ਦੇਸ਼ ਵਿੱਚ ਯੂਨੀਫਾਰਮ ਸਿਵਲ ਕੋਡ ਦੀ ਮੰਗ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਹ ਘੱਟ ਗਿਣਤੀਆਂ ਖਾਸ ਕਰਕੇ ਪੰਜਾਬ ਲਈ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ।

ਕੇਜਰੀਵਾਲ ਨੇ ਕਰੰਸੀ ਦੇ ਨੋਟਾਂ ‘ਤੇ ਦੇਵੀ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀਆਂ ਤਸਵੀਰਾਂ ਛਾਪਣ ਦੀ ਸਲਾਹ ਦੇਣ ਤੋਂ ਬਾਅਦ ਯੂਨੀਫਾਰਮ ਸਿਵਲ ਕੋਡ ਦੀ ਹਮਾਇਤ ਕੀਤੀ ਹੈ, ਜਿਸਦਾ ਪੰਜਾਬ ‘ਚ ਰਹਿਣ ਵਾਲੇ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ‘ਤੇ ਗੰਭੀਰ ਪ੍ਰਭਾਵ ਪੈ ਸਕਦਾ ਹੈ।

ਸੂਬਾ ਕਾਂਗਰਸ ਪ੍ਰਧਾਨ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਕਿਹਾ ਹੈ ਕਿ ਉਹ ਆਪਣੇ ਆਗੂ ਵੱਲੋਂ ਅੱਜ ਦਿੱਤੇ ਬਿਆਨ ਬਾਰੇ ਆਪਣਾ ਸਟੈਂਡ ਸਪੱਸ਼ਟ ਕਰਨ। ਉਨ੍ਹਾਂ ‘ਆਪ’ ਆਗੂਆਂ ਨੂੰ ਕਿਹਾ ਕਿ ਤੁਸੀਂ ਉਨ੍ਹਾਂ 3 ਕਰੋੜ ਪੰਜਾਬੀਆਂ ਨੂੰ ਸਪੱਸ਼ਟ ਕਰੋ ਜੋ ਕੇਜਰੀਵਾਲ ਦੇ ਹਿੰਦੂਤਵ ਏਜੰਡੇ ਦੀ ਖੁੱਲ੍ਹ ਕੇ ਹਮਾਇਤ ਕਰਨ ਤੋਂ ਚਿੰਤਤ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਸ ਧੋਖੇ ਲਈ ਪੰਜਾਬੀ ਤੁਹਾਨੂੰ ਕਦੇ ਮੁਆਫ਼ ਨਹੀਂ ਕਰਨਗੇ।

ਵੜਿੰਗ ਨੇ ਕਿਹਾ ਕਿ ਪਹਿਲੇ ਦਿਨ ਤੋਂ ਕੇਜਰੀਵਾਲ ਪੰਜਾਬ ਵਿਰੋਧੀ ਏਜੰਡੇ ‘ਤੇ ਕੰਮ ਕਰ ਰਹੇ ਹਨ। ਜਿਨ੍ਹਾਂ ਨੇ ਮੁੱਖ ਮੰਤਰੀ ਦਫ਼ਤਰ ਸਮੇਤ ਹੋਰ ਸਰਕਾਰੀ ਦਫ਼ਤਰਾਂ ਤੋਂ ਮਹਾਰਾਜਾ ਰਣਜੀਤ ਸਿੰਘ ਦੀਆਂ ਤਸਵੀਰਾਂ ਹਟਾਇਆ, ਗ਼ੈਰ-ਪੰਜਾਬੀਆਂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਅਤੇ ਹੁਣ ਹਿੰਦੂਤਵ ਦੇ ਏਜੰਡੇ ਦੀ ਖੁੱਲ੍ਹ ਕੇ ਹਮਾਇਤ ਕਰ ਰਹੇ ਹਨ, ਜੋ ਪੰਜਾਬੀਅਤ ਦੀ ਵਿਚਾਰਧਾਰਾ ਦੇ ਖ਼ਿਲਾਫ਼ ਹੈ।

ਉਨ੍ਹਾਂ ਕਿਹਾ ਕਿ ਦੇਸ਼ ਅਤੇ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ‘ਆਪ’ ਨੇ ਫਿਰਕੂ ਰਾਜਨੀਤੀ ਕਰਨ ‘ਚ ਭਾਜਪਾ ਅਤੇ ਅਕਾਲੀਆਂ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਕਾਂਗਰਸ ਪਾਰਟੀ ਹੀ ਇਕ ਅਜਿਹੀ ਸਿਆਸੀ ਪਾਰਟੀ ਹੈ ਜਿਸਨੇ ਅਜਿਹੀ ਫਿਰਕੂ ਅਤੇ ਕੱਟੜਪੰਥੀ ਸੋਚ ਤੋਂ ਉੱਪਰ ਉੱਠ ਕੇ ਕੰਮ ਕੀਤਾ ਹੈ ਅਤੇ ਧਰਮ ਨਿਰਪੱਖਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ, ਭਾਵੇਂ ਉਸਨੂੰ ਇਸਦੇ ਲਈ ਕੋਈ ਵੀ ਕੀਮਤ ਅਦਾ ਕਰਨੀ ਪਵੇ।

Leave a Reply