ਚੰਡੀਗੜ੍ਹ: ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਅੱਜ ਚੰਡੀਗੜ ਵਿਖੇ ਪੰਜਾਬ ਸਰਕਾਰ ਦੇ ਇੱਕ ਸਾਲ ਪੂਰਾ ਹੋਣ ਤੇ ਸੂਬਾ ਸਰਕਾਰ ਦੀਆਂ ਉੱਪਲੱਬਧੀਆਂ ਸਬੰਧੀ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ।
ਪ੍ਰੈਸ ਕਾਨਫਰੰਸ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਨਿਵੇਸ਼ ਪ੍ਰੋਤਸਾਹਨ, ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ, ਲੇਬਰ ਅਤੇ ਪ੍ਰਾਹੁਣਚਾਰੀ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰ ਅੰਦੇਸ਼ੀ ਸੋਚ ਸਦਕਾ ਪੰਜਾਬ ਨੂੰ ਪਹਿਲੀ ਵਾਰ 40 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਸਰਕਾਰ ਨੂੰ ਪਹਿਲੇ ਸਾਲ 2017-18 ਦੌਰਾਨ ਕੇਵਲ 5 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਮਿਲਿਆ ਸੀ। ਉਨ੍ਹਾਂ ਕਿਹਾ 40 ਹਜ਼ਾਰ ਕਰੋੜ ਰੁਪਏ ਦੇ ਇਹ ਨਿਵੇਸ਼ ਦੇਸ ਦੁਨੀਆਂ ਦੀ ਨਾਮੀ ਕੰਪਨੀਆਂ ਵੱਲੋਂ ਕੀਤਾ ਗਿਆ ਹੈ। ਉਹਨਾਂ ਵੱਡੇ ਉਦਯੋਗਾਂ ਵਿੱਚੋ ਕੁੱਝ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਟਾਟਾ ਸਟੀਲ ਨੇ 2600 ਕਰੋੜ ਰੁਪਏ, ਸੋਨਾਥਨ ਪੋਲੀਕੋਟ ਪ੍ਰਾਈਵੇਟ ਲਿਮਟਿਡ ਨੇ 1600 ਕਰੋੜ ਰੁਪਏ, ਨਾਭਾ ਪਾਵਰ ਲਿਮਟਿਡ 641 ਕਰੋੜ ਰੁਪਏ ਅਤੇ ਮੈਕਸ ਸਪੈਸ਼ਲਿਟੀ ਫਿਲਮਜ਼ ਲਿਮਟਿਡ ਨੇ 548 ਕਰੋੜ ਅਤੇ ਹੋਰ ਨਾਮੀ ਉਦਯੋਗਪਤੀਆਂ ਵੱਲੋਂ ਇੰਡਸਟਰੀ ਲਈ ਪੰਜਾਬ ਨੂੰ ਚੰਗੇ ਅਤੇ ਸੁਰੱਖਿਅਤ ਮਾਹੋਲ ਨੂੰ ਵੇਖਦਿਆ ਨਿਵੇਸ਼ ਕੀਤਾ ਹੈ। ਮੰਤਰੀ ਨੇ ਕਿਹਾ 40 ਹਜ਼ਾਰ ਰੁਪਏ ਤੋਂ ਵੱਧ ਦੇ ਇਸ ਨਿਵੇਸ਼ ਨਾਲ ਪੰਜਾਬ ਵਿੱਚ ਨੌਜਵਾਨਾ ਲਈ 2.50 ਲੱਖ ਤੋਂ ਵੱਧ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਉਨ੍ਹਾਂ ਕਿਹਾ ਪੰਜਾਬ ਦੀ ਇਸ ਵੱਡੀ ਕਾਮਯਾਬੀ ਪਿਛੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਣਥਕ ਮਿਹਨਤ ਦਾ ਨਤੀਜਾ ਹੈ। ਜਿਨ੍ਹਾਂ ਨੇ ਵੱਡੇ ਉਦਯੋਗਪਤੀਆਂ ਨਾਲ ਵਨ-ਟੂ-ਵਨ ਮੀਟਿੰਗਾਂ ਕਰਕੇ ਇਹ ਨਿਵੇਸ਼ ਹਾਸਲ ਕੀਤਾ। ਮੰਤਰੀ ਨੇ ਦੱਸਿਆ ਕਿ 5ਵੇਂ ਪ੍ਰਗਤੀਸ਼ਾਲ ਨਿਵੇਸ਼ ਸੰਮੇਲਨ ਵਿੱਚ 2500 ਤੋਂ ਵੱਧ ਵੱਡੇ ਨਿਵੇਸ਼ਕਾਂ ਵੱਲੋਂ ਪੰਜਾਬ ਵਿੱਚ ਨਿਵੇਸ਼ ਕਰਨ ਸਬੰਧੀ ਦਿਲਚਸਪੀ ਦਿਖਾਈ ਗਈ। ਉਨ੍ਹਾਂ ਕਿਹਾ ਕਿ ਹੁਣ ਤਿਮਾਹੀ ਪੱਧਰ ਤੇ ਸੈਕਟਰਲ ਨਿਵੇਸ਼ ਸਮਿਟ ਹੋਵੇਗੀ ਜਿਸ ਨਾਲ ਪੰਜਾਬ ਦੇ ਉਦਯੋਗ ਖੇਤਰ ਨੂੰ ਵੱਡਾ ਹੁਲਾਰਾ ਮਿਲੇਗਾ।
ਮੰਤਰੀ ਨੇ ਦੱਸਿਆ ਕਿ ਪਹਿਲੇ ਸਾਲ ਵਿੱਚ ਹੀ ਸੂਬਾ ਸਰਕਾਰ ਨੇ ਬਿਲਡਿੰਗ ਐਂਡ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਰਾਹੀਂ 61,764 ਉਸਾਰੀ ਕਿਰਤੀਆਂ ਨੂੰ 86.65 ਕਰੋੜ ਰੁਪਏ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਸੂਬਾ ਸਰਕਾਰ ਵੱਲੋਂ ਉਸਾਰੀ ਕਿਰਤੀਆ ਦੀਆਂ ਉਜਰਤਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਿਰਤੀਆ ਦੀ ਸਹੂਲਤ ਲਈ ਸੂਬਾ ਸਰਕਾਰ ਵੱਲੋਂ ” ਸਹਾਇਕ ਕਿਰਤੀ ਐਪ’ ਲਾਂਚ ਕੀਤੀ ਗਈ ਹੈ। ਉਨਾਂ ਦੱਸਿਆ ਕਿ ਉਸਾਰੀ ਕਿਰਤੀਆਂ ਦੀ ਰਜਿਸਟ੍ਰੇਸ਼ਨ ਕਰਨ ਅਤੇ ਸਰਕਾਰੀ ਸਕੀਮਾਂ ਬਾਰੇ ਜਾਗਰੂਕ ਕਰਨ ਲਈ 655 ਕੈਂਪ ਲਗਾਏ ਗਏ ।
ਕੈਬਨਿਟ ਮੰਤਰੀ ਨੈ ਪੰਜਾਬ ਵਿੱਚ ਸੈਰ ਸਪਾਟੇ ਅਤੇ ਸਭਿਚਾਰਕ ਮਾਮਲੇ ਤੇ ਬੋਲਦਿਆਂ ਕਿਹਾ ਕਿ ਪੰਜਾਬ ਨੂੰ ਸੈਰ ਸਪਾਟੇ ਵੱਜੋਂ ਸੈਲਾਨੀਆਂ ਦੀ ਪਹਿਲੀ ਪਸੰਦ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜਕਲਾਂ ਵਿਖੇ ਸ਼ਹੀਦ ਭਗਤ ਸਿੰਘ ਅਜਾਇਬਘਰ ਨੂੰ ਨਵੀ ਤਕਨੀਕ ਨਾਲ ਅਪਗ੍ਰੇਡ ਕੀਤਾ ਜਾਵੇਗਾ ਤਾਂ ਜੋ ਦੇਸ਼ ਦੇ ਨੌਜਵਾਨਾਂ ਨੂੰ ਮਹਾਨ ਆਜ਼ਾਦੀ ਘੁਲਾਟੀਏ ਦੇ ਜੀਵਨ ਤੋਂ ਸਮਝ ਅਤੇ ਪ੍ਰੇਰਣਾ ਮਿਲ ਸਕੇ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਕਪੂਰਥਲਾ ਵਿਖੇ ਪਿੰਡ ਬਾਬੇ ਨਾਨਕ ਦਾ ਹੈਰੀਟੇਜ਼ ਕੰਪਲੈਕਸ ਬਨਾਉਣ ਲਈ ਜ਼ਮੀਨ ਅਕਵਾਇਰ ਕਰਨ ਲਈ 29.24 ਕਰੋੜ ਰੁਪਏ ਜਿਲ੍ਹਾ ਪ੍ਰਸਾਸ਼ਨ ਨੂੰ ਜਾਰੀ ਕੀਤੇ ਗਏ ਹਨ।
ਕੈਬਨਿਟ ਮੰਤਰੀ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਆਪਣੇ ਪਹਿਲੇ ਸਾਲ ਦੌਰਾਨ ਹੀ ਨੌਜਵਾਨਾਂ ਨੂੰ ਲਗ-ਭਗ 27000 ਨੌਕਰੀਆਂ, 300 ਯੁਨਿਟ ਪ੍ਰਤੀ ਮਹੀਨਾ ਬਿਜਲੀ ਮੁਫਤ, 500 ਮੁਹੱਲਾ ਕਲੀਨਿੰਕ, ਸ਼ਹੀਦਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਐਕਸ-ਗ੍ਰੇਸ਼ੀਆ ਗ੍ਰਾਂਟ ਵਰਗੀਆਂ ਵੱਡੀਆਂ ਗਰੰਟੀਆਂ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿਹਾ ਕਿ ਸੂਬੇ ਵਿੱਚ 117 ਸਕੂਲ ਆਫ ਐਮੀਨੈਂਸ ਸੁਰੂ ਕੀਤੇ ਜਾ ਚੁੱਕੇ ਹਨ ਤਾਂ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਮੁਹਰੀ ਸੂਬਾ ਬਣ ਸਕੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਨਾ ਸਿਰਫ ਧਰਤੀ ਹੇਠਲਾ ਪਾਣੀ ਨੂੰ ਬਚਾਉਣ ਲਈ ਉਪਰਾਲੇ ਕੀਤੇ ਹਨ ਬਲਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੇ ਕਿਸੇ ਮੁੱਖ ਮੰਤਰੀ ਨੇ ਸਤਲੁਜ-ਯਮੁਨਾ-ਲਿੰਕ ਨਹਿਰ ਦੇ ਮੁੱਦੇ ਤੇ ਸਖਤ ਸਟੈਂਡ ਲਿਆ ਹੈ। ਉਨ੍ਹਾਂ ਕਿਹਾ ਸੂਬਾ ਸਰਕਾਰ ਵੱਲੋ ਮਾਈਨਿੰਗ ਮਾਫਿਆ ਨਾਲ ਸਖਤੀ ਨਾਲ ਨਿਪਦੇ ਹੋਏ ਰੇਤ ਨੂੰ ਸਸਤੇ ਰੇਟਾਂ ਤੇ ਦਿੱਤਾ ਜਾ ਰਿਹਾ ਹੈ ਜਿਸ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।