ਓਟਵਾ:ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਬਦਲਣ ਲਈ ਕਈ ਉਮੀਦਵਾਰਾਂ ਨੇ ਆਪਣੀ ਕਾਗਜ਼ੀ ਕਾਰਵਾਈ ਅਤੇ $50,000 ਦੀ ਮੁੱਢਲੀ ਰਾਸ਼ੀ ਜਮ੍ਹਾਂ ਕਰਵਾ ਦਿੱਤੀ ਹੈ, ਜਿਸ ਨਾਲ ਉਹ ਲਿਬਰਲ ਲੀਡਰਸ਼ਿਪ ਰੇਸ ਵਿੱਚ ਸ਼ਾਮਲ ਹੋਣ ਦੇ ਯੋਗ ਬਣ ਗਏ ਹਨ। ਉਮੀਦਵਾਰਾਂ ਵਿੱਚ ਕਰੀਨਾ ਗੋਲਡ, ਕ੍ਰਿਸਟਿਆ ਫ੍ਰੀਲੈਂਡ, ਮਾਰਕ ਕਾਰਨੀ, ਜੈਮੀ ਬੈਟਿਸਟ, ਚੰਦਰਾ ਆਰੀਆ ਅਤੇ ਫ੍ਰੈਂਕ ਬੇਲਿਸ ਸ਼ਾਮਲ ਹਨ। ਉਨ੍ਹਾਂ ਨੂੰ 300 ਲਿਬਰਲਾਂ ਦੇ ਦਸਤਖ਼ਤ ਇਕੱਤਰ ਕਰਨੇ ਹਨ। ਜਿਸ ਲਈ ਪੂਰਬੀ ਸਮੇਂ ਮੁਤਾਬਕ ਅੱਜ ਸ਼ਾਮ 5 ਵਜੇ ਤੱਕ ਦਾ ਸਮਾਂ ਹੈ।
ਲੀਡਰਸ਼ਿਪ ਦੀ ਇਹ ਰੇਸ ਟਰੂਡੋ ਦੇ ਅਸਤੀਫ਼ੇ ਅਤੇ ਬਸੰਤ ਦੀਆਂ ਚੋਣਾਂ ਦੀ ਸੰਭਾਵਨਾ ਤੋਂ ਬਾਅਦ ਇਕ ਛੋਟੇ ਟਾਈਮ-ਪੀਰੀਅਡ ਵਿੱਚ ਹੋ ਰਹੀ ਹੈ। ਕੁੱਲ $350,000 ਦੀ ਫੀਸ ਨੂੰ 17 ਫਰਵਰੀ ਤੱਕ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਫ੍ਰੀਲੈਂਡ ਅਤੇ ਕਾਰਨੀ ਸਬ ਤੋਂ ਪ੍ਰਮੁੱਖ ਉਮੀਦਵਾਰ ਵਜੋਂ ਸਾਹਮਣੇ ਆ ਰਹੇ ਹਨ, ਜੋ ਜਨਤਕ ਮੁਹਿੰਮਾਂ ਵਿੱਚ ਸ਼ਾਮਲ ਹਨ ਅਤੇ ਪਾਰਟੀ ਮੈਂਬਰਾਂ ਨੂੰ ਮਿਲ ਰਹੇ ਹਨ। ਰਜਿਸਟਰਡ ਲਿਬਰਲ 9 ਮਾਰਚ ਨੂੰ 343 ਰਾਈਡਿੰਗਜ਼ ਵਿੱਚ ਵੋਟ ਪਾਉਣਗੇ, ਜਿਸ ਤੋਂ ਬਾਅਦ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ।