ਕੈਨੇਡਾ: ਕੈਨੇਡਾ ਭਰ ‘ਚ ਜੰਗਲੀ ਅੱਗਾਂ ਦਾ ਕਹਿਰ ਜਾਰੀ ਹੈ। ਯੈਲੋਨਾਈਫ ‘ਚ ਬਲ ਰਹੀ ਜੰਗਲੀ ਅੱਗ ਦੇ ਕਾਰਨ ਓਥੇ ਦੇ ਨਿਵਾਸੀ ਵੈਨਕੂਵਰ ਪਹੁੰਚ ਰਹੇ ਹਨ।
ਜ਼ਿਕਰਯੋਗ ਹੈ ਕਿ ਜੰਗਲੀ ਅੱਗ ਫੈਲਣ ਕਾਰਨ 20,000 ਦੇ ਕਰੀਬ ਰੇਜ਼ੀਡੈਂਟਸ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਸਨ।
ਯੈਲੋਨਾਈਫ ਤੋਂ ਬ੍ਰਿਟਿਸ਼ ਕੋਲੰਬੀਆ ਪਹੁੰਚੀ ਪ੍ਰੀਤ ਢਿੱਲੋਂ ਨੇ ਗੱਲਬਾਤ ਕਰਦੇ ਕਿਹਾ ਕਿ ਉਸ ਕੋਲ ਬੀ.ਸੀ. ਦੀ ਫਲਾਈਟ ਲਈ $2000 ਅਦਾ ਕਰਨ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਸੀ।
ਨੌਰਥ ਵੈਸਟ ਟੈਰੀਟਰੀਜ਼ ਸਰਕਾਰ ਮੁਤਾਬਕ,1500 ਜਣਿਆਂ ਨੂੰ ਏਅਰਲਿਫ਼ਟ ਕੀਤਾ ਗਿਆ ਹੈ।ਇਸ ਤੋਂ ਇਲਾਵਾ ਅੱਜ ਲਈ ਉਡਾਣਾਂ ਦਾ ਸਮਾਂ ਤੈਅ ਕੀਤਾ ਗਿਆ ਹੈ।
ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਲਈ ਮਿਲਟਰੀ ਵੱਲੋਂ ਵੀ ਕੰਮ ਕੀਤਾ ਜਾ ਰਿਹਾ ਹੈ।
ਓਧਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਫ਼ਤਰ ਵੱਲੋਂ ਸੀਨੀਅਰ ਅਧਿਕਾਰੀਆਂ ਅਤੇ ਮੰਤਰੀਆਂ ਨਾਲ ਮੀਟਿੰਗ ਕਰ ਜੰਗਲੀ ਅੱਗ ਦੇ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ।
ਜਿਸ ਤੋਂ ਬਾਅਦ ਇੱਕ ਸਟੇਟਮੈਂਟ ਜਾਰੀ ਕਰ ਕੇ ਕਿਹਾ ਕਿਹਾ ਗਿਆ ਹੈ ਕਿ ਹਵਾਈ ਜਹਾਜ਼ ਦੇ ਕਿਰਾਏ ਤੋਂ ਲੈ ਕੇ ਹੋਰ ਚੀਜ਼ਾਂ ਦੀ ਕੀਮਤ ਵਧਾ ਕੇ ਮੌਕੇ ਦਾ ਫਾਇਦਾ ਚੁੱਕਣ ਵਾਲੇ ਲੋਕਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।