ਅੰਮ੍ਰਿਤਸਰ: ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ‘ਆਪ੍ਰੇਸ਼ਨ ਲੋਟਸ’ ਰਾਹੀਂ ਪੰਜਾਬ ‘ਚ ‘ਆਪ’ ਵਿਧਾਇਕ ਖਰੀਦਣ ਅਤੇ ਸਰਕਾਰ ਡੇਗਣ ਦੀ ਕੋਸ਼ਿਸ਼ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ‘ਤੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਚੁਣੀ ਹੋਈ ਸਰਕਾਰ ਨੂੰ ਵਿਧਾਨ ਸਭਾ ਸੈਸ਼ਨ ਨਾ ਕਰਨ ਦੇਣਾ ਮਤਲਬ ਲੋਕਤੰਤਰ ਹੱਤਿਆ ਕਰਨਾ।
ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਿਜਲੀ ਮੰਤਰੀ ਨੇ ਕਿਹਾ ਕਿ ਡਾ.ਬੀ.ਆਰ.ਅੰਬੇਦਕਰ ਦਾ ਸੰਵਿਧਾਨ ਭਾਰਤ ਨੂੰ ਇੱਕ ਲੋਕਤੰਤਰੀ ਦੇਸ਼ ਬਣਾਉਂਦਾ ਹੈ ਪਰ ਭਾਜਪਾ ਆਪਣੇ ਕੋਝੇ ਸਿਆਸੀ ਏਜੰਡੇ ਨਾਲ ਲੋਕਤੰਤਰ ਨੂੰ ਖਤਮ ਕਰਨ ‘ਤੇ ਤੁਲੀ ਹੋਈ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ‘ਆਪ’ ਪਾਰਟੀ ਦੀ ਵੱਡੇ ਬਹੁਮਤ ਨਾਲ ਜਿੱਤ ਯਕੀਨੀ ਬਣਾ ਕੇ ਭਾਜਪਾ ਦੇ ਨਾਲ-ਨਾਲ ਸਾਰੀਆਂ ਰਵਾਇਤੀ ਪਾਰਟੀਆਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ, ਪਰ ਇਸ ਦੇ ਬਾਵਜੂਦ ਭਾਜਪਾ ਲੋਕਾਂ ਦੇ ਫਤਵੇ ਨੂੰ ਅਪਮਾਨਿਤ ਕਰਦੀ ਹੋਈ ਅਨੈਤਿਕ ਰਾਜਨੀਤੀ ਕਰਨ ‘ਤੇ ਉਤਰ ਆਈ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਦਿੱਲੀ ਅਤੇ ਪੰਜਾਬ ਵਿੱਚ ਕੇਂਦਰੀ ਏਜੰਸੀਆਂ ਨਾਲ ‘ਆਪ’ ਆਗੂਆਂ ਨੂੰ ਡਰਾਉਣ-ਧਮਕਾਉਣ ਵਿੱਚ ਨਾਕਾਮ ਰਹਿਣ ਤੋਂ ਬਾਅਦ ਸਰਕਾਰ ਡੇਗਣ ਲਈ ‘ਆਪ’ ਵਿਧਾਇਕਾਂ ਨੂੰ ਪੈਸੇ ਦੀ ਪੇਸ਼ਕਸ਼ ਕਰ ਰਹੀ ਹੈ। ਪਰ ਕੇਜਰੀਵਾਲ ਦੇ ਕੱਟੜ ਸਿਪਾਹੀਆਂ ਨੇ ਉਨ੍ਹਾਂ ਦੇ ਨਾਪਾਕ ਏਜੰਡੇ ਨੂੰ ਬੁਰੀ ਤਰ੍ਹਾਂ ਫੇਲ੍ਹ ਕਰ ਦਿੱਤਾ, ਹਾਲਾਂਕਿ ਭਾਜਪਾ ਆਪਣੇ ‘ਆਪ੍ਰੇਸ਼ਨ ਲੋਟਸ’ ਮਿਸ਼ਨ ਵਿੱਚ ਹਾਲ ਹੀ ਵਿੱਚ ਗੋਆ ਸਮੇਤ ਦੇਸ਼ ਦੇ ਕਈ ਹੋਰ ਰਾਜਾਂ ਵਿੱਚ ਸਫਲ ਹੋਈ ਹੈ।
ਉਨ੍ਹਾਂ ਪੰਜਾਬ ਦੇ ਰਾਜਪਾਲ ਵੱਲੋਂ ਚੁਣੀ ਹੋਈ ਸਰਕਾਰ ਦੁਆਰਾ ਬੁਲਾਏ ਗਏ ਵਿਧਾਨ ਸਭਾ ਸੈਸ਼ਨ ਨੂੰ ਰੱਦ ਕਰਨ ਦੇ ਕਦਮ ਦੀ ਵੀ ਨਿਖੇਧੀ ਕੀਤੀ ਅਤੇ ਕਿਹਾ ਕਿ ਇਹ ਲੋਕਤੰਤਰੀ ਪ੍ਰਣਾਲੀ ਦੀ ਉਲੰਘਣਾ ਹੈ ਅਤੇ ਕਿਹਾ ਕਿ ਭਾਜਪਾ ਦੇਸ਼ ਦੀ ਬਿਹਤਰੀ ਲਈ ਮ ‘ਆਪ’ ਨੂੰ ਕੰਮ ਨਹੀਂ ਕਰਨ ਦੇਣਾ ਚਾਹੁੰਦੀ। 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇਸ਼ ਵਿੱਚ ‘ਆਪ’ ਅਤੇ ਇਸ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਵੱਧਦੀ ਪ੍ਰਸਿੱਧੀ ਤੋਂ ਭਾਜਪਾ ਚਿੰਤਿਤ ਹੈ।
ਉਨ੍ਹਾਂ ਭਾਜਪਾ ‘ਤੇ ਵਰ੍ਹਦਿਆਂ ਕਿਹਾ ਕਿ ਜੇਕਰ ਚੁਣੇ ਹੋਏ ਨੁਮਾਇੰਦਿਆਂ ਨੂੰ ਵਿਧਾਨ ਸਭਾ ਦਾ ਸੈਸ਼ਨ ਨਹੀਂ ਕਰਨ ਦਿੱਤਾ ਜਾ ਰਿਹਾ ਤਾਂ ਵਿਧਾਨ ਸਭਾ ਚੋਣਾਂ ਦੀ ਲੋੜ ਕੀ ਹੈ? ਉਨ੍ਹਾਂ ਕਿਹਾ ਕਿ ਭਾਜਪਾ ਲੋਕਤੰਤਰ ਦੀ ਕਾਤਲ ਹੈ।