Skip to main content

ਚੰਡੀਗੜ੍ਹ: ਦੇਸ਼ ਵਿੱਚ ਮਜ਼ਦੂਰਾਂ ਵਿੱਚ ਖੁਦਕੁਸ਼ੀਆਂ ਦੀਆਂ ਵੱਧ ਰਹੀਆਂ ਘਟਨਾਵਾਂ ‘ਤੇ ਅਫਸੋਸ ਪ੍ਰਗਟ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਨੇ ਬੁੱਧਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਕੀਤਾ।

ਪਾਰਟੀ ਦਫ਼ਤਰ ਤੋਂ ਜਾਰੀ ਇੱਕ ਬਿਆਨ ਵਿੱਚ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਦੇਸ਼ ਵਿੱਚ ਦਿਹਾੜੀਦਾਰ ਮਜ਼ਦੂਰਾਂ ਵਿੱਚ ਲਗਾਤਾਰ ਵੱਧ ਰਹੀਆਂ ਖੁਦਕੁਸ਼ੀਆਂ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਇਸ ਗੰਭੀਰ ਮੁੱਦੇ ’ਤੇ ਕੇਂਦਰ ਸਰਕਾਰ ਨੂੰ ਸਵਾਲ ਕੀਤੇ। ਉਨ੍ਹਾਂ ਕਿਹਾ ਕਿ ਭਾਜਪਾ ਦੇ ਸ਼ਾਸਨ ਦੌਰਾਨ ਪਿਛਲੇ ਅੱਠ ਸਾਲਾਂ ਵਿੱਚ ਮਜ਼ਦੂਰਾਂ ਵੱਲੋਂ ਖੁਦਕੁਸ਼ੀਆਂ ਤਿੰਨ ਗੁਣਾ ਵਧ ਗਈਆਂ ਹਨ। 2014 ਦੇ 15,735 ਮਾਮਲਿਆਂ ਦੇ ਮੁਕਾਬਲੇ 2021 ਵਿੱਚ 42,004 ਮਜ਼ਦੂਰਾਂ ਅਤੇ ਦਿਹਾੜੀਦਾਰਾਂ ਨੇ ਖੁਦਕੁਸ਼ੀ ਕੀਤੀ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਇਹ ਗੱਲ ਚਿੰਤਾਜਨਕ ਹੈ ਕਿ ਪਿਛਲੇ ਅੱਠ ਸਾਲਾਂ ਵਿੱਚ ਮਜ਼ਦੂਰਾਂ ਵੱਲੋਂ ਖੁਦਕੁਸ਼ੀਆਂ ਦੀ ਸਭ ਤੋਂ ਵੱਧ ਗਿਣਤੀ 2021 ਵਿੱਚ, 42,004 ਖ਼ੁਦਕੁਸ਼ੀਆਂ, ਦਰਜ ਕੀਤੀ ਗਈ ਸੀ। ਜਦੋਂ ਕਿ 2018 ਵਿੱਚ 30,127, 2019 ਵਿੱਚ 32,563 ਅਤੇ 2020 ਵਿੱਚ 37,666 ਦਿਹਾੜੀਦਾਰ ਖੁਦਕੁਸ਼ੀਆਂ ਕਰਕੇ ਮਰ ਗਏ।

ਇਕ ਖ਼ਬਰ ਕਟਿੰਗ ਨੂੰ ਸਾਂਝਾ ਕਰਦੇ ਹੋਏ ਕੰਗ ਨੇ ਟਵਿੱਟਰ ‘ਤੇ ਲਿਖਿਆ, “‘ਸਬਕਾ ਸਾਥ,ਸਬਕਾ ਵਿਕਾਸ” ਦਾ ਨਾਅਰਾ ਲਾਉਣ ਵਾਲੀ ਭਾਜਪਾ ਦੇ 8 ਸਾਲਾਂ ਦੇ ਸਾਸ਼ਨ ਵਿੱਚ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆ ਦੇ ਮਾਮਲਿਆਂ ਵਿੱਚ 3 ਗੁਣਾਂ ਵਾਧਾ ਹੋਇਆ ਹੈ।

ਮਜ਼ਦੂਰਾਂ ਦੀ ਬਦਹਾਲੀ ਲਈ ਭਾਜਪਾ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ। ਕੀ ਏਹੀ ਤੁਹਾਡਾ ‘ਸਬਕਾ ਸਾਥ,ਸਬਕਾ ਵਿਕਾਸ’ ਸੀ ਕਿ ਗ਼ਰੀਬ ਮਜ਼ਦੂਰ ਖ਼ੁਦਕੁਸ਼ੀ ਕਰਨ ਲਈ ਮਜਬੂਰ ਹਨ।”

ਕੰਗ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੂੰ ਦਿਹਾੜੀਦਾਰਾਂ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ ਅਤੇ ਆਪਣੇ ਪੂੰਜੀਵਾਦੀ ਦੋਸਤਾਂ ਨੂੰ ਦਿਨੋ-ਦਿਨ ਅਮੀਰ ਬਣਾਉਣ ਲਈ ਕੰਮ ਕਰਨ ਦੀ ਬਜਾਏ ਆਮ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਲੋਕ ਪੱਖੀ ਨੀਤੀਆਂ ਅਤੇ ਯੋਜਨਾਵਾਂ ਲਿਆਉਣੀਆਂ ਚਾਹੀਦੀਆਂ ਹਨ ਤਾਂ ਭਵਿੱਖ ਵਿੱਚ ਗਰੀਬ ਲੋਕ ਅਜਿਹੇ ਸਖ਼ਤ ਕਦਮ ਚੁੱਕਣ ਲਈ ਮਜ਼ਬੂਰ ਨਾ ਹੋਣ।

Leave a Reply