ਚੰਡੀਗੜ੍ਹ: ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੰਗਲਵਾਰ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਉਸ ਮਸਲੇ ‘ਤੇ ਢਿੱਲਾ ਰਵੱਈਆ ਵਰਤਣ ਲਈ ਨਿਖੇਧੀ ਕੀਤੀ ਜਿਸ ਵਿੱਚ ਜਲੰਧਰ ਦੀ ਇੱਕ ਦਲਿਤ ਔਰਤ ਡਾਕਟਰ ਵੱਲੋਂ ਐਸਜੀਪੀਸੀ ਦੁਆਰਾ ਚਲਾਏ ਜਾ ਰਹੇ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਅਤੇ ਰਿਸਰਚ ਅੰਮ੍ਰਿਤਸਰ ਵਿੱਚ ਕੁੱਝ ਦਿਨ ਪਹਿਲਾਂ ਖ਼ੁਦਕੁਸ਼ੀ ਕਰ ਲਈ ਸੀ।
ਬਾਜਵਾ ਨੇ ਇਸ ਮਸਲੇ ਉੱਚ ਪੱਧਰੀ ਜਾਂਚ ਦੀ ਮੰਗ ਵੀ ਕੀਤੀ।
ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ, “ਇਹ ਬਹੁਤ ਹੀ ਮੰਦਭਾਗੀ ਘਟਨਾ ਸੀ ਅਤੇ ਮੈਂ ਇਸ ਤੋਂ ਬਹੁਤ ਦੁਖੀ ਹਾਂ। ਇਸ ਮਸਲੇ ‘ਤੇ ਇੱਕ ਐੱਸਆਈਟੀ ਬਣਾਈ ਜਾਣੀ ਚਾਹੀਦੀ ਹੈ। ਮਸਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਇਹ ਮਸਲਾ ਸੀਬੀਆਈ ਨੂੰ ਵੀ ਦਿੱਤਾ ਜਾ ਸਕਦਾ ਹੈ।”
ਇੱਥੇ ਵਰਨਣਯੋਗ ਹੈ ਕਿ ਉਪਰੋਕਤ ਸੰਸਥਾ ਵਿਚ ਇੰਟਰਨ ਵਜੋਂ ਕੰਮ ਕਰ ਰਹੀ ਜਲੰਧਰ ਦੀ ਇੱਕ ਮਹਿਲਾ ਡਾਕਟਰ ਪੰਪੋਸ਼ ਨੇ 8 ਅਤੇ 9 ਮਾਰਚ ਦੀ ਦਰਮਿਆਨੀ ਰਾਤ ਨੂੰ ਖ਼ੁਦਕੁਸ਼ੀ ਕਰ ਲਈ ਸੀ।
ਕੁੱਝ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਵਿਰੋਧੀ ਧਿਰ ਦੇ ਆਗੂ ਬਾਜਵਾ ਨੇ ਕਿਹਾ ਕਿ ਪੀੜਤ ਪਰਵਾਰ ਪਹਿਲਾਂ ਹੀ ਦੋਸ਼ ਲੈ ਚੁੱਕਾ ਹੈ ਕਿ ਉਸ ਨੂੰ ਕਈ ਡਾਕਟਰਾਂ ਵੱਲੋਂ ਜਾਤੀਸੂਚਕ ਟਿੱਪਣੀਆਂ ਅਤੇ ਵਿਤਕਰਾ ਕੀਤਾ ਜਾ ਰਿਹਾ ਸੀ। ਉੱਧਰ, ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਜਾ ਰਹੇ ਅਦਾਰੇ ਨੇ ਖ਼ੁਦਕੁਸ਼ੀ ਮਾਮਲੇ ਵਿੱਚ ਜਾਤੀ ਵਾਲੀ ਗੱਲ ਤੋਂ ਇਨਕਾਰ ਕੀਤਾ ਹੈ। ਇਸ ਘਟਨਾ ਤੋਂ ਬਾਅਦ 10 ਲੋਕਾਂ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਜਾ ਚੁੱਕਾ ਹੈ। ਅਤੇ ਹੁਣ ਇੱਕ ਡੀਐੱਸਪੀ ਪੱਧਰ ਦਾ ਪੁਲਿਸ ਅਫ਼ਸਰ ਇਸ ਦੀ ਜਾਂਚ ਕਰ ਰਿਹਾ ਹੈ।
“ਇਹ ਪਤਾ ਲਗਾਉਣ ਲਈ ਪੂਰੀ ਜਾਂਚ ਹੋਣੀ ਚਾਹੀਦੀ ਹੈ ਕਿ ਕੀ ਉਸ ਨਾਲ ਜਾਤੀ ਆਧਾਰਤ ਭੇਦਭਾਵ ਕੀਤਾ ਜਾ ਰਿਹਾ ਸੀ। ਜਾਂਚ ਤੋਂ ਬਾਅਦ, ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਆਖ਼ਰਕਾਰ, ਉਹ ਪੰਜਾਬ ਦੀ ਧੀ ਸੀ ਅਤੇ ਉਸ ਕੇਸ ਦੀ ਅਸਲੀਅਤ ਨੂੰ ਬੇਨਕਾਬ ਕਰਨ ਲਈ ਜਾਂਚ ਹੋਣੀ ਚਾਹੀਦੀ ਹੈ”, ਬਾਜਵਾ ਨੇ ਅੱਗੇ ਕਿਹਾ।
ਬਾਜਵਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਅਤੇ ਇਹ ਇੱਕ ਸਮਾਜ ਦੀ ਸਭ ਤੋਂ ਕਾਲੀ ਸਚਾਈ ਹੈ ਕਿ 21ਵੀਂ ਸਦੀ ਵਿੱਚ ਵੀ ਜਾਤ ਆਧਾਰਿਤ ਵਿਤਕਰਾ ਮੌਜੂਦ ਹੈ।
ਵਿਰੋਧੀ ਧਿਰ ਦੇ ਆਗੂ ਨੇ ਅੱਗੇ ਕਿਹਾ, “ਸਿਰਫ਼ ਇਸ ਸੰਸਥਾ ਨੂੰ ਹੀ ਨਹੀਂ, ਸਗੋਂ ਸੂਬੇ ਦੇ ਸਾਰੇ ਵਿੱਦਿਅਕ ਅਦਾਰਿਆਂ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਜਾਤੀ ਅਤੇ ਧਰਮ ਆਧਾਰਤ ਵਿਤਕਰੇ ਪ੍ਰਤੀ ਸੰਵੇਦਨਸ਼ੀਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਅਣਸੁਖਾਵੀਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ।”