Skip to main content

ਚੰਡੀਗੜ੍ਹ: ਪੰਜਾਬ ਰਾਜ ਦੀਆਂ ਸਰਕਾਰੀ ਯੂਨੀਵਰਸਿਟੀਆਂ ਨੂੰ ਪੈਰਾਂ ਸਿਰ ਕਰਨ ਲਈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੇਸ਼ ਕੀਤੇ ਬਜਟ ਵਿੱਚ 990 ਕਰੋੜ ਰੁਪਏ ਰੱਖੇ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਉਚੇਰੀ ਸਿੱਖਿਆ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਸਰਕਾਰੀ ਸਿੱਖਿਆ ਤੰਤਰ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸੂਬੇ ਦੀਆਂ ਸਰਕਾਰੀ ਯੂਨੀਵਰਸਿਟੀਆਂ ਵੱਲ ਕਦੀ ਵੀ ਧਿਆਨ ਨਹੀਂ ਦਿੱਤਾ ਸੀ ਜਿਸ ਕਾਰਨ ਇਨ੍ਹਾਂ ਸੰਸਥਾਵਾਂ ਦੀ ਵਿੱਤੀ ਹਾਲਤ ਖ਼ਰਾਬ ਹੋ ਗਈ ਸੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਕੈਬਨਿਟ ਵਲੋਂ ਪੰਜਾਬ ਰਾਜ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਇਨ੍ਹਾਂ ਸੰਸਥਾਵਾਂ ਨੂੰ ਮੁੜ ਪੈਰਾਂ ਸਿਰ ਕਰਨ ਲਈ ਲਗਾਤਾਰ ਦੂਸਰੇ ਬਜ਼ਟ ਵਿਚ 990 ਕਰੋੜ ਰੁਪਏ ਜਾਰੀ ਕੀਤਾ ਗਿਆ ਹੈ।

ਬੈਂਸ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਨੂੰ ਵਿੱਤੀ ਵਰ੍ਹੇ 2013-14ਦੌਰਾਨ 24.33 ਕਰੋੜ ਜਾਰੀ ਕੀਤੇ ਗਏ ਸਨ ਜਦਕਿ ਵਿੱਤੀ ਵਰ੍ਹੇ 2017-18 ਦੋਰਾਨ 33 ਕਰੋੜ ਦਿਤਾ ਗਿਆ ਅਤੇ ਵਿੱਤੀ ਵਰ੍ਹੇ 2022-23 ਲਈ 42.70 ਕਰੋੜ ਜਾਰੀ ਕੀਤੇ ਗਏ ਸਨ।

ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਵਰ੍ਹੇ 2013-14 ਦੌਰਾਨ 55.95 ਕਰੋੜ ਜਾਰੀ ਕੀਤੇ ਗਏ ਸਨ ਜਦਕਿ ਵਿੱਤੀ ਵਰ੍ਹੇ 2017-18 ਦੋਰਾਨ 88.09 ਕਰੋੜ ਦਿਤਾ ਗਿਆ ਅਤੇ ਵਿੱਤੀ ਵਰ੍ਹੇ 2022-23 ਲਈ 200 ਕਰੋੜ ਜਾਰੀ ਕੀਤੇ ਗਏ ਸਨ ।

ਇਸੇ ਤਰ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਵਿੱਤੀ ਵਰ੍ਹੇ 2013-14 ਦੌਰਾਨ 45.30 ਕਰੋੜ ਜਾਰੀ ਕੀਤੇ ਗਏ ਸਨ ਜਦਕਿ ਵਿੱਤੀ ਵਰ੍ਹੇ 2017-18 ਦੋਰਾਨ 49.55 ਕਰੋੜ ਦਿਤਾ ਗਿਆ ਅਤੇ ਵਿੱਤੀ ਵਰ੍ਹੇ 2022-23 ਲਈ 75 ਕਰੋੜ ਜਾਰੀ ਕੀਤੇ ਗਏ ਸਨ ।

Leave a Reply