ਚੰਡੀਗੜ੍ਹ: ਅਮਰੀਕਾ ਵਿੱਚ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਗਾਇਕ ਅਤੇ ਰੈਪਰ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਮੰਨੇ ਜਾਂਦੇ ਕਥਿਤ ਗੈਂਗਸਟਰ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੋਮਵਾਰ ਨੂੰ ਅਟਕਲਾਂ ਨੂੰ ਖ਼ਤਮ ਕਰਨ ਲਈ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਜਾਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਕਿਸੇ ਅਧਿਕਾਰੀ ਤੋਂ ਵਿਸਤਰਿਤ ਅਧਿਕਾਰਤ ਬਿਆਨ ਦੀ ਮੰਗ ਕੀਤੀ ਹੈ।
“ਭਾਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਜਰਾਤ ਵਿੱਚ ਇੱਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਗੋਲਡੀ ਬਰਾੜ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ, ਪਰ ਸਾਨੂੰ ਉਨ੍ਹਾਂ ਪੁਸ਼ਟੀ ‘ਤੇ ਸ਼ੱਕ ਹੈ ਕਿਉਂਕਿ ਮਾਨ ਪਹਿਲਾਂ ਵੀ ਕਈ ਮੁੱਦਿਆਂ ‘ਤੇ ਝੂਠ ਬੋਲਦੇ ਫੜੇ ਗਏ ਹਨ। ਮਾਨ ਅਕਸਰ ਬਿਆਨ ਦਿੰਦੇ ਹਨ ਜਾਂ ਵਾਅਦੇ ਕਰਦੇ ਹਨ ਜੋ ਬਾਅਦ ਵਿੱਚ ਗੁਮਰਾਹਕੁਨ ਜਾਂ ਖੋਖਲੇ ਸਾਬਤ ਹੋਏ “, ਬਾਜਵਾ ਨੇ ਕਿਹਾ।
ਉਨ੍ਹਾਂ ਕਿਹਾ ਕਿ ਸਤੰਬਰ ਵਿੱਚ ਜਰਮਨੀ ਦੀ ਆਪਣੀ ਫੇਰੀ ਦੌਰਾਨ, ਮਾਨ ਨੇ ਝੂਠੀ ਘੋਸ਼ਣਾ ਕੀਤੀ ਸੀ ਕਿ ਆਟੋਮੋਬਾਇਲ ਦੀ ਦਿੱਗਜ, ਬੀ. ਐਮ. ਡਬਲਯੂ. ਪੰਜਾਬ ਵਿੱਚ ਇੱਕ ਆਟੋ ਪਾਰਟਸ ਨਿਰਮਾਣ ਯੂਨਿਟ ਸਥਾਪਤ ਕਰਨ ਲਈ ਸਹਿਮਤ ਹੋ ਗਈ ਹੈ। ਇਸ ਘੋਸ਼ਣਾ ਤੋਂ ਇੱਕ ਦਿਨ ਬਾਅਦ, ਬੀ. ਐਮ. ਡਬਲਯੂ. ਨੇ ਇੱਕ ਬਿਆਨ ਜਾਰੀ ਕੀਤਾ ਕਿ ਉਸਦੀ ਪੰਜਾਬ ਵਿੱਚ ਇੱਕ ਆਟੋ ਪਾਰਟਸ ਨਿਰਮਾਣ ਯੂਨਿਟ ਸਥਾਪਤ ਕਰਨ ਦੀ ਕੋਈ ਯੋਜਨਾ ਨਹੀਂ ਹੈ।
“ਉਨ੍ਹਾਂ (ਮਾਨ) ਨੇ ਕਿਸਾਨਾਂ ਨੂੰ ਮੂੰਗੀ ਦੀ ਦਾਲ ਉਗਾਉਣ ਲਈ ਖੋਖਲੇ ਵਚਨਬੱਧਤਾ ਨਾਲ ਪ੍ਰੇਰਿਆ ਕਿ ਪੰਜਾਬ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ‘ਤੇ ਉਪਜ ਦੀ ਖ਼ਰੀਦ ਕਰੇਗੀ। ਇਸ ਤੋਂ ਬਾਅਦ ਕਿਸਾਨਾਂ ਨੇ ਆਪਣੇ ਆਪ ਨੂੰ ਠਗਿਆ ਮਹਿਸੂਸ ਕੀਤਾ ਕਿਉਂਕਿ ਉਨ੍ਹਾਂ ਦੀ ਸਿਰਫ਼ 10 ਫ਼ੀਸਦੀ ਫ਼ਸਲ ਘੱਟੋ-ਘੱਟ ਸਮਰਥਨ ਮੁੱਲ ‘ਤੇ ਖ਼ਰੀਦੀ ਗਈ ਸੀ। ਵਿਰੋਧੀ ਧਿਰ ਦੇ ਆਗੂ ਨੇ ਇੱਕ ਬਿਆਨ ਵਿੱਚ ਕਿਹਾ, ਮੁੱਖ ਮੰਤਰੀ ਮਾਨ ਦੇ ਭਰੋਸੇ ਤੋਂ ਬਾਅਦ ਝੋਨਾ ਲਾਉਣ ਵਾਲੇ ਕਈ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਪਰ ਬਾਅਦ ਵਿੱਚ ਉਹ ਮੁਆਵਜ਼ੇ ਨੂੰ ਲੈ ਕੇ ਨਿਰਾਸ਼ ਹੋਏ।
ਬਾਜਵਾ ਨੇ ਕਿਹਾ ਕਿ ਗੁਜਰਾਤ ‘ਚ ਸਟਾਰ ਪ੍ਰਚਾਰਕ ਵਜੋਂ ਮੁੱਖ ਮੰਤਰੀ ਮਾਨ ਨੇ ਕਾਨੂੰਨ ਵਿਵਸਥਾ, ਰੁਜ਼ਗਾਰ ਦੀ ਸਥਿਤੀ, ਪੁਰਾਣੀ ਪੈਨਸ਼ਨ ਸਕੀਮ ਅਤੇ ਸੂਬੇ ਦੀ ਵਿੱਤੀ ਹਾਲਤ ਸਮੇਤ ਕਈ ਮੁੱਦਿਆਂ ‘ਤੇ ਝੂਠ ਬੋਲਿਆ ਸੀ। ਉਨ੍ਹਾਂ ਦੇ ਝੂਠਾਂ ਦੀ ਸੂਚੀ ਲੰਬੀ ਹੈ, ਇਸ ਲਈ ਮੁੱਖ ਮੰਤਰੀ ਦੇ ਦਾਅਵੇ ‘ਤੇ ਵਿਸ਼ਵਾਸ ਕਰਨਾ ਔਖਾ ਹੈ।
“ਕਿਉਂਕਿ ਗੋਲਡੀ ਬਰਾੜ ਨੂੰ ਗਾਇਕ ਅਤੇ ਰੈਪਰ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਬੇਰਹਿਮੀ ਨਾਲ ਕਤਲ ਦਾ ਮਾਸਟਰਮਾਈਂਡ ਮੰਨਿਆ ਜਾਂਦਾ ਹੈ, ਇਸ ਲਈ ਪੰਜਾਬ ਦੇ ਲੋਕਾਂ ਦੀਆਂ ਇਸ ਕੇਸ ਨਾਲ ਸਖ਼ਤ ਭਾਵਨਾਵਾਂ ਹਨ, ਇਸ ਲਈ, ਉਹ ਗੋਲਡੀ ਬਰਾੜ ਦੀ ਗ੍ਰਿਫਤਾਰੀ ਬਾਰੇ ਸਚਾਈ ਜਾਣਨ ਦੇ ਹੱਕਦਾਰ ਹਨ” , ਬਾਜਵਾ ਨੇ ਕਿਹਾ।