Skip to main content

ਚੰਡੀਗੜ੍ਹ: ਪੰਜਾਬ ਦੇ ਪੇਂਡੂ ਵਿਕਾਸ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ 60ਵੇਂ ਪਿੜਾਈ ਸੀਜ਼ਨ ਦਾ ਸ਼ੁਰੂਆਤ ਕਰਦਿਆਂ ਕਿਸਾਨਾਂ ਨੂੰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਫ਼ਸਲੀ ਵਿਭਿੰਨਤਾ ਅਪਣਾਉਣ ਦੀ ਅਪੀਲ ਕੀਤੀ।

ਸਹਿਕਾਰੀ ਖੰਡ ਮਿੱਲ ਬਟਾਲਾ ਵਿਖੇ ਕਰਵਾਏ ਸਮਾਗਮ ਦੌਰਾਨ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਸਹਿਕਾਰੀ ਖੰਡ ਮਿੱਲਾਂ ਨੂੰ ਚੱਲਦੇ ਰੱਖਣ ਲਈ ਹਰ ਤਰਾਂ ਦੀ ਮਦਦ ਕਰਨ ਲਈ ਵਚਨਬੱਧ ਹੈ। ਉਨਾਂ ਨੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਾਸਤੇ ਵੱਧ ਤੋਂ ਵੱਧ ਰਕਬਾ ਗੰਨੇ, ਮੱਕੀ, ਦਾਲਾਂ, ਸਰੋ ਆਦਿ ਫਸਲਾਂ ਅਧੀਨ ਲਿਆਉਣ ਲਈ ਕਿਸਾਨਾਂ ਨੂੰ ਅਪੀਲ ਵੀ ਕੀਤੀ। ਉਨਾਂ ਨੇ ਸਹਿਕਾਰੀ ਖੰਡ ਮਿੱਲਾਂ ਦੇ ਕਰਮਚਾਰੀਆਂ ਲਈ 6ਵਾਂ ਪੇ-ਸਕੇਲ ਲਾਗੂ ਕਰਨ ਦਾ ਭਰੋਸਾ ਵੀ ਦਿੱਤਾ।

ਕੈਬਨਿਟ ਮੰਤਰੀ ਨੇ ਕਿਹਾ ਕਿ ਸਹਿਕਾਰੀ ਖੰਡ ਮਿੱਲ ਬਟਾਲਾ ਵਿਖੇ ਅਤਿ ਆਧੁਨਿਕ ਤਕਨੀਕ ਅਪਣਾਈ ਗਈ ਹੈ ਤਾਂ ਜੋ ਇਕ ਨਵੇਂ ਪਲਾਂਟ ਜਿਸ ਵਿੱਚ 14 ਮੈਗਾਵਾਟ ਦਾ ਬਿਜਲੀ ਉਤਪਾਦਨ ਪਲਾਂਟ ਵੀ ਸ਼ਾਮਲ ਹੈ, ਜਿਸ ਨੂੰ ਬਾਅਦ ਵਿੱਚ 100 ਮੈਗਾਵਾਟ ਤੱਕ ਵਧਾਇਆ ਜਾ ਸਕਦਾ ਹੈ, ਦੇ ਨਿਰਮਾਣ ਨਾਲ ਮਿੱਲ ਦੀ ਸਮਰੱਥਾ ਨੂੰ 3500 ਟੀ.ਸੀ.ਡੀ. ਤੋਂ 5000 ਟੀ.ਸੀ.ਡੀ. ਤੱਕ ਵਧਾ ਦਿੱਤਾ ਜਾ ਸਕੇ । ਇਸ ਸਬੰਧੀ ਕੰਮ ਪੂਰੇ ਜ਼ੋਰਾਂ ‘ਤੇ ਚੱਲ ਰਿਹਾ ਹੈ ਅਤੇ ਮਾਰਚ 2023 ਤੋਂ ਪਹਿਲਾਂ ਕਾਰਜਸ਼ੀਲ ਹੋਣ ਲਈ ਤਹਿ ਕੀਤਾ ਗਿਆ ਹੈ। ਇਹ ਪਲਾਂਟ ਰਿਫਾਈਨਡ ਸ਼ੂਗਰ ਦੇ ਨਾਲ ਹੀ ਪਾਵਰ ਦਾ ਉਤਪਾਦਨ ਕਰੇਗਾ ਜੋ ਮਿੱਲ ਦੇ ਨਾਲ-ਨਾਲ ਕਿਸਾਨਾਂ ਲਈ ਵਿੱਤੀ ਤੌਰ ‘ਤੇ ਮਦਦਗਾਰ ਸਾਬਤ ਹੋਵੇਗਾ। ਉਹਨਾਂ ਅੱਗੇ ਦੱਸਿਆ ਕਿ ਬਾਇਓ-ਸੀਐਨਜੀ ਪਲਾਂਟ ਲਗਾਉਣ ਦਾ ਕੰਮ ਵੀ ਪ੍ਰਗਤੀ ਅਧੀਨ ਹੈ। ਉਹਨਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਵਿੱਚ ਚੱਲ ਰਹੀ ਸਹਿਕਾਰੀ ਖੰਡ ਮਿੱਲਾਂ ਨੂੰ ਚਾਲੂ ਰੱਖਣ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੇ ਨਾਲ-ਨਾਲ ਸਮੁੱਚੇ ਬੁਨਿਆਦੀ ਢਾਂਚੇ ਨੂੰ ਅੱਪਡੇਟ ਕਰਨ ਲਈ ਵਚਨਬੱਧ ਹੈ।

ਇਸ ਮੌਕੇ ਮਿੱਲ ਦੇ ਬੋਰਡ ਆਫ ਡਾਇਰੈਕਟਰਜ਼, ਜਨਰਲ ਮੈਨੇਜਰ ਅਤੇ ਸਮੂਹ ਕਿਸਾਨਾਂ ਨੇ ਕੈਬਨਿਟ ਮੰਤਰੀ ਅਤੇ ਚੇਅਰਮੈਨ ਸ਼ੂਗਰਫੈੱਡ ਪੰਜਾਬ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਸਹਿਕਾਰੀ ਖੰਡ ਮਿੱਲ ਬਟਾਲਾ ਦੀਆਂ ਵਰਕਰਜ਼ ਯੂਨੀਅਨਾਂ ਵੱਲੋਂ ਧਾਲੀਵਾਲ ਅਤੇ ਚੇਅਰਮੈਨ ਦਾ ਸਨਮਾਨ ਕੀਤਾ ਗਿਆ।

ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਚੇਅਰਮੈਨ ਸ਼ੂਗਰਫੈੱਡ ਨਵਦੀਪ ਸਿੰਘ ਸਿੱਧੂ ਅਤੇ ਚੇਅਰਮੈਨ ਪਨਸਪ ਬਲਬੀਰ ਸਿੰਘ ਪੰਨੂ ਨੇ 9 ਉਮੀਦਵਾਰਾਂ ਨੂੰ ਤਰਸ ਦੇ ਆਧਾਰ ‘ਤੇ ਨਿਯੁਕਤੀ ਪੱਤਰ ਸੌਂਪੇ।

ਇਸ ਮੌਕੇ ਮਿੱਲ ਵਿੱਚ ਗੰਨੇ ਦੀਆਂ ਟਰਾਲੀਆਂ ਲੈ ਕੇ ਆਉਣ ਵਾਲੇ ਪਹਿਲੇ 11 ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

Leave a Reply