ਚੰਗੀਗੜ੍ਹ: ਪਿਛਲੇ ਕਈ ਦਿਨਾਂ ਤੋਂ ਕੈਨੇਡਾ ਵਿਚੋਂ ਜਬਰੀ ਵਤਨ ਵਾਪਸੀ ਦੀ ਮਾਰ ਝੱਲ ਰਹੇ ਪੰਜਾਬੀ ਨੌਜਵਾਨਾਂ ਲਈ ਇਕ ਖੁਸ਼ ਖਬਰ ਸਾਹਮਣੇ ਆ ਰਹੀ ਹੈ। ਕੈਨੇਡਾ ਦੀ ਰਾਜਧਾਨੀ ਓਟਾਵਾ ਤੋਂ ਖਬਰ ਆਈ ਹੈ ਕਿ ਇਕ ਪੰਜਾਬੀ ਵਿਦਿਅਰਥੀਆਂ ਲਵਪ੍ਰੀਤ ਸਿੰਘ ਦੀ ਵਤਨ ਵਾਪਸੀ ‘ਤੇ ਕੈਨੇਡਾ ਸਰਕਾਰ ਨੇ ਰੋਕ ਲਗਾ ਦਿੱਤੀ ਹੈ। ਇਸ ਬਾਬਤ ਆਪਣਾ ਪ੍ਰਤੀਕਰਮ ਦਿੰਦਿਆਂ ਪ੍ਰਵਾਸੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਕਈ ਦਿਨਾਂ ਤੋਂ ਇਸ ਮਾਮਲੇ ਉੱਤੇ ਨਜ਼ਰ ਰੱਖ ਰਹੇ ਹਨ ਅਤੇ ਉਨ੍ਹਾਂ ਦੀਆਂ ਸਪੱਸ਼ਟ ਹਦਾਇਤਾਂ ਹਨ ਕਿ ਇਨ੍ਹਾਂ 700 ਵਿਦਿਅਰਥੀਆਂ ਦੇ ਹਿੱਤਾਂ ਲਈ ਪੰਜਾਬ ਸਰਕਾਰ ਜੋ ਵੀ ਕੋਸ਼ਿਸ਼ ਅਤੇ ਯਤਨ ਕਰ ਸਕਦੀ ਹੈ, ਉਹ ਕੀਤੇ ਜਾਣ। ਇਨ੍ਹਾਂ ਵਿਦਿਅਰਥੀਆਂ ਵਿਚੋਂ ਜ਼ਿਆਦਾ ਪੰਜਾਬੀ ਹਨ ਅਤੇ ਮੁੱਖ ਮੰਤਰੀ ਵੱਲੋਂ ਮਿਲੇ ਨਿਰਦੇਸ਼ਾਂ ਨੂੰ ਧਿਆਨ ਵਿਚ ਰੱਖਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਜਿੱਥੇ ਵਿਦਿਅਰਥੀਆਂ ਨਾਲ ਵੀਡਿਓ ਕਾਨਫਰੰਸਿੰਗ ਜ਼ਰੀਏ ਗੱਲ ਕੀਤੀ ਸੀ ਉੱਥੇ ਹੀ ਪ੍ਰਭਾਵਿਤ ਵਿਿਦਆਰਥੀਆਂ ਨੂੰ ਮੁਫਤ ਕਾਨੂੰਨੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ ਸੀ।
ਧਾਲੀਵਾਲ ਨੇ ਕਿਹਾ ਕਿ ਮੈਂ ਬੀਤੇ ਦਿਨੀਂ ਹੀ ਭਾਰਤ ਦੇ ਹਾਈ ਕਮਿਸ਼ਨਰ (ਓਟਾਵਾ, ਓਂਟਾਰਿਓ) ਸੰਜੇ ਕੁਮਾਰ ਵਰਮਾ ਅਤੇ ਕੈਨੇਡਾ ਦੇ ਹਾਈ ਕਮਿਸ਼ਨਰ (ਦੱਖਣੀ ਪੱਛਮੀ, ਦਿੱਲੀ) ਸ੍ਰੀ ਕੈਮਰਨ ਮੈਕੇ ਨੂੰ ਪੱਤਰ ਲਿਖ ਕੇ ਕੈਨੇਡਾ ਤੋਂ ਜਬਰੀ ਵਾਪਸੀ ਦਾ ਸਾਹਮਣਾ ਕਰ ਰਹੇ ਇਨ੍ਹਾਂ ਵਿਦਿਅਰਥੀਆਂ ਦੇ ਮਸਲੇ ਨੂੰ ਹੱਲ ਕਰਨ ਦੀ ਬੇਨਤੀ ਕੀਤੀ ਸੀ। ਉਨ੍ਹਾਂ ਕਿਹਾ ਕਿ ਹਾਲੇ ਤਾਂ ਸਿਰਫ ਇਕ ਨੌਜਵਾਨ ਨੂੰ ਰਾਹਤ ਮਿਲੀ ਹੈ ਅਤੇ ਜਦੋਂ ਤੱਕ ਸਾਰੇ ਵਿਦਿਅਰਥੀਆਂ ਦਾ ਮਸਲਾ ਹੱਲ ਨਹੀਂ ਹੋ ਜਾਂਦਾ ਉਹ ਹਰ ਤਰ੍ਹਾਂ ਦੇ ਯਤਨ ਕਰਦੇ ਰਹਿਣਗੇ।
ਉਨ੍ਹਾਂ ਕੈਨੇਡਾ ਦੇ ਪੰਜਾਬੀ ਮੂਲ ਦੇ ਸਾਰੇ ਐਮ.ਪੀਜ਼ ਦਾ ਵੀ ਧੰਨਵਾਦ ਕੀਤਾ ਹੈ ਜਿਹੜੇ ਇਨ੍ਹਾਂ ਵਿਿਦਆਰਥੀਆਂ ਦੀ ਸਹਾਇਤਾ ਲਈ ਅੱਗੇ ਆਏ ਹਨ। ਧਾਲੀਵਾਲ ਨੇ ਕਿਹਾ ਕਿ ਮੈਂ ਪੰਜਾਬੀ ਮੂਲ ਦੇ ਸਾਰੇ ਕੈਨੇਡੀਅਨ ਐਮ.ਪੀਜ਼ ਨੂੰ ਵੀ ਪੱਤਰ ਲਿਖ ਕੇ ਬੇਨਤੀ ਕੀਤੀ ਸੀ ਕਿ ਇਨ੍ਹਾਂ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਉਹ ਪਹਿਲਕਦਮੀ ਕਰਨ। ਧਾਲੀਵਾਲ ਨੇ ਉਮੀਦ ਜਤਾਈ ਕਿ ਬਾਕੀ ਵਿਦਿਅਰਥੀਆਂ ਦਾ ਮਸਲਾ ਵੀ ਜਲਦ ਹੀ ਹੱਲ ਹੋ ਜਾਵੇਗਾ।