ਚੰਡੀਗੜ੍ਹ: ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ‘ਰੰਗਲਾ ਪੰਜਾਬ’ ਬਣਾਉਣ ਲਈ ਲੋਕਾਂ ਤੋਂ ਸਹਿਯੋਗ ਮੰਗਣ ਤੋਂ ਬਾਅਦ ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਰੰਗਲਾ ਪੰਜਾਬ ਨੂੰ ਪਰਿਭਾਸ਼ਿਤ ਕਰਨ ਲਈ ਕਿਹਾ।
“ਕੀ ਸਿਰਫ਼ ਡਿਸਪੈਂਸਰੀਆਂ ਅਤੇ ਸਿਹਤ ਕੇਂਦਰਾਂ ਦੀਆਂ ਮੌਜ਼ੂਦਾ ਇਮਾਰਤਾਂ ਨੂੰ ਬਿਨਾਂ ਢੁਕਵੇਂ ਬੁਨਿਆਦੀ ਢਾਂਚੇ ਦੀ ਸਥਾਪਨਾ ਅਤੇ ਬਿਨਾ ਡਾਕਟਰਾਂ ਦੀ ਭਰਤੀ ਦੇ ਰੰਗ ਰੋਗਨ ਕਰਨਾ ਅਤੇ ਫਿਰ ਉਨ੍ਹਾਂ ਦਾ ਨਾਂ ਆਪਣੀ ਪਾਰਟੀ ਦੇ ਨਾਂ ‘ਤੇ ਰੱਖਣਾ ਆਪ ਲਈ ‘ਰੰਗਲਾ ਪੰਜਾਬ’ ਦੀ ਪਰਿਭਾਸ਼ਾ ਹੈ?”
“ਕੀ ਯੋਗ ਅਧਿਆਪਕਾਂ ਅਤੇ ਹੋਰ ਸਟਾਫ਼ ਦੀ ਭਰਤੀ ਕੀਤੇ ਬਿਨਾਂ ਸਕੂਲਾਂ ਦੀਆਂ ਇਮਾਰਤਾਂ ਨੂੰ ‘ਸਕੂਲ ਆਫ਼ ਐਮੀਨੈਂਸ’ ਬਣਾਉਣਾ ਰੰਗਲਾ ਪੰਜਾਬ ਹੈ? ਜੇਕਰ ਅਜਿਹਾ ਹੈ ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ‘ਆਪ’ ਆਗੂ ਬੌਧਿਕ ਤੌਰ ‘ਤੇ ਕੰਗਾਲ ਹਨ।
ਬਾਜਵਾ ਨੇ ਕਿਹਾ “ਕੱਲ ਫ਼ਿਰੋਜਪੁਰ ਵਿੱਚ ਇੱਕ ਔਰਤ ‘ਤੇ ਚਾਰ ਨੌਜਵਾਨਾਂ ਵੱਲੋਂ ਕਿਰਪਾਨਾਂ ਨਾਲ ਬੁਰੀ ਤਰਾਂ ਨਾਲ ਹਮਲਾ ਕੀਤਾ ਜਾਂਦਾ ਹੈ, ਮੌਕੇ ‘ਤੇ ਮੌਜ਼ੂਦ ਪੁਲਿਸ ਸਿਰਫ਼ ਮੂਕ ਦਰਸ਼ਕ ਬਣ ਕੇ ਰਹਿ ਜਾਂਦੇ ਹਨ ਪਰ ਉਸ ਔਰਤ ਨਹੀਂ ਬਚਾਉਂਦੇ। ਇਹ ਸੂਬੇ ਕਾਨੂੰਨ ਦੀ ਸਥਿਤੀ ‘ਤੇ ਸਵਾਲੀਆ ਨਿਸ਼ਾਨ ਲਾਉਂਦਾ ਹੈ”।
ਕਾਂਗਰਸ ਦੇ ਸੀਨੀਅਰ ਆਗੂ ਬਾਜਵਾ ਨੇ ਕਿਹਾ ਕਿ ਪੰਜਾਬ ‘ਚ ਪਿਛਲੇ ਇੱਕ ਸਾਲ ਤੋਂ ਅਪਰਾਧਾਂ ਵਿੱਚ ਵਾਧਾ ਹੋਇਆ ਹੈ। ਵੱਡੇ-ਵੱਡੇ ਦਾਅਵਿਆਂ ਦੇ ਬਾਵਜ਼ੂਦ ਨਸ਼ੇ ਦਾ ਸੇਵਨ ਵੱਧ ਰਿਹਾ ਹੈ। ਸੂਬੇ ਦੀ ਆਰਥਿਕਤਾ ਹਰ ਰੋਜ਼ ਇੱਕ ਨਵੇਂ ਹੇਠਲੇ ਪੱਧਰ ਨੂੰ ਛੂਹ ਰਹੀ ਹੈ। ਸਨਅਤਕਾਰ ਸੂਬੇ ਨੂੰ ਛੱਡ ਕੇ ਭੱਜ ਰਹੇ ਹਨ। ‘ਆਪ’ ਨੇ ਪੰਜਾਬ ਨੂੰ ਇੱਕ ਸਾਲ ਦੇ ਅੰਦਰ ਹੀ ਗੰਧਲਾ ਪੰਜਾਬ ਬਣਾ ਦਿੱਤਾ ਹੈ।
“ਕੀ ਉਹ 23 ਅਤੇ 24 ਫਰਵਰੀ ਨੂੰ ਹੋਣ ਵਾਲੇ ਇਨਵੈਸਟ ਪੰਜਾਬ ਸਿਖਰ ਸੰਮੇਲਨ ਵਿੱਚ ਨਵੇਂ ਨਿਵੇਸ਼ਕਾਂ ਨੂੰ ਇਹੀ ਪੇਸ਼ਕਸ਼ ਕਰਨ ਜਾ ਰਹੇ ਹਨ? ਉਨ੍ਹਾਂ ਨੂੰ ਆਤਮ-ਨਿਰੀਖਣ ਕਰਨਾ ਚਾਹੀਦਾ ਹੈ ਅਤੇ ਆਪਣੇ ਤਰੀਕਿਆਂ ਵਿੱਚ ਸੁਧਾਰ ਕਰਨਾ ਚਾਹੀਦਾ ਹੈ।
ਬਾਜਵਾ ਨੇ ਇੱਕ ਬਿਆਨ ‘ਚ ਕਿਹਾ ਕਿ ‘ਆਪ’ ਸਰਕਾਰ ਪਹਿਲਾਂ ਹੀ ਲੋਕਾਂ ਦਾ ਭਰੋਸਾ ਗੁਆ ਚੁੱਕੀ ਹੈ, ਇਸ ਲਈ ਉਹ ਲੋਕਾਂ ਤੋਂ ਸਹਿਯੋਗ ਮੰਗ ਰਹੇ ਹਨ। ਪਿਛਲੇ ਸਾਲ ਦਸੰਬਰ ਵਿੱਚ, ਕੁਲਦੀਪ ਸਿੰਘ ਧਾਲੀਵਾਲ ਜ਼ੀਰਾ ਸਬ-ਡਿਵੀਜ਼ਨ ਦੇ ਪਿੰਡ ਮਨਸੂਰਵਾਲਾ ਵਿੱਚ ਇੱਕ ਸ਼ਰਾਬ ਫ਼ੈਕਟਰੀ ਦੇ ਬਾਹਰ ਪ੍ਰਦਰਸ਼ਨ ਵਾਲੀ ਥਾਂ ‘ਤੇ ਗਏ ਸਨ। ਉਨ੍ਹਾਂ ਦੀ ਮੌਜੂਦਗੀ ‘ਚ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ‘ਆਪ’ ਸਰਕਾਰ ‘ਤੇ ਭਰੋਸਾ ਨਹੀਂ ਹੈ। ਇਸ ਤੋਂ ਵੱਡੀ ਸ਼ਰਮਨਾਕ ਗੱਲ ਹੋਰ ਕੀ ਹੋ ਸਕਦੀ ਹੈ। ਸਰਕਾਰ ਬਣਨ ਦੇ ਇੱਕ ਸਾਲ ਦੇ ਅੰਦਰ ਹੀ ਲੋਕਾਂ ਨੇ ਆਪ ਦੀ ਸਰਕਾਰ ‘ਤੇ ਬੇਭਰੋਸਗੀ ਦਾ ਪ੍ਰਗਟਾਵਾ ਕਰਨਾ ਸ਼ੁਰੂ ਕਰ ਦਿੱਤਾ।
“ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਾਉਣ ਵਾਲੀ ਪਾਰਟੀ ਨੇ ਇੱਕ ਸਾਲ ਦੇ ਅੰਦਰ-ਅੰਦਰ ਭ੍ਰਿਸ਼ਟਾਚਾਰ ਦੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਬਠਿੰਡਾ ਵਿਚ ਭ੍ਰਿਸ਼ਟਾਚਾਰ ਦੀ ਤਾਜ਼ਾ ਮਿਸਾਲ ਲੋਕਾਂ ਨੂੰ ਦੇਖਣ ਨੂੰ ਮਿਲੀ ਹੈ। ਆਉਣ ਵਾਲੇ ਬਜਟ ਸੈਸ਼ਨ ਵਿੱਚ ਅਸੀਂ ‘ਆਪ’ ਸਰਕਾਰ ਨੂੰ ਉਸ ਦੀਆਂ ਘਿਣਾਉਣੀਆਂ ਹਰਕਤਾਂ ਲਈ ਜਵਾਬਦੇਹ ਠਹਿਰਾਵਾਂਗੇ।