ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ਰਾਬ ਦੇ ਗੈਰ-ਕਾਨੂੰਨੀ ਕਾਰੋਬਾਰ ਵਿਰੁੱਧ ਵਿਰੁੱਧ ਅਪਣਾਈ ਗਈ ਜ਼ੀਰੋ ਸਹਿਨਸ਼ੀਲਤਾ ਨੀਤੀ ਦੇ ਚੱਲਦਿਆਂ ਆਬਕਾਰੀ ਵਿਭਾਗ ਅਤੇ ਲੁਧਿਆਣਾ ਪੱਛਮੀ ਤੇ ਪੂਰਬੀ ਦੇ ਸਮੁੱਚੇ ਆਬਕਾਰੀ ਪੁਲਿਸ ਮੁਲਾਜ਼ਮਾਂ ਨੇ ਅੱਜ ਇੱਕ ਵੱਡੀ ਤਲਾਸ਼ੀ ਮੁਹਿੰਮ ਦੌਰਾਨ 1,45,000 ਲੀਟਰ ਲਾਹਣ ਬਰਾਮਦ ਕਰਕੇ ਨਸ਼ਟ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਬਕਾਰੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਕਰ ਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਸਤਲੁਜ ਦਰਿਆ ਦੇ ਕੰਢਿਆਂ ‘ਤੇ ਗੈਰ-ਕਾਨੂੰਨੀ ਤੌਰ ‘ਤੇ ਸ਼ਰਾਬ ਕੱਢਣ ‘ਤੇ ਰੋਕ ਲਗਾਉਣ ਲਈ ਚਾਰ ਟੀਮਾਂ ਦਾ ਗਠਨ ਕੀਤਾ ਗਿਆ ਸੀ, ਜਿਨ੍ਹਾਂ ਵੱਲੋਂ ਨੇ ਸਵੇਰੇ 5 ਵਜੇ ਤੋਂ ਵੱਡੀ ਤਲਾਸ਼ੀ ਮੁਹਿੰਮ ਚਲਾਈ ਗਈ।
ਤਲਾਸ਼ੀ ਮੁਹਿੰਮ ਦੇ ਵੇਰਵੇ ਸਾਂਝੇ ਕਰਦਿਆਂ ਬੁਲਾਰੇ ਨੇ ਦੱਸਿਆ ਕਿ ਟੀਮਾਂ ਵੱਲੋਂ ਲੁਧਿਆਣਾ ਜਿਲ੍ਹੇ ਦੇ ਪਿੰਡਾਂ ਭੋਲੇਵਾਲ, ਜੱਦੀਦ, ਭੋਡੇ, ਤਲਵਣ, ਰਾਜਾਪੁਰ, ਭਾਗੀਆ, ਖਹਿਰਾ ਬੇਟ, ਉਚਾ ਪਿੰਡ ਧਗੇੜਾ, ਭੂੰਦੜੀ, ਸੰਗੋਵਾਲ , ਮੀਉਵਾਲ ਗੋਰਸੀਆਂ, ਹਾਕਮਰਾਏ ਬੇਟ, ਬਾਗੀਆਂ ਅਤੇ ਬੁਰਜ ਦੇ ਲਗਭਗ 27 ਕਿਲੋਮੀਟਰ ਦੇ ਖੇਤਰ ਵਿੱਚ ਖੋਜ ਮੁਹਿੰਮ ਨੂੰ ਅੰਜਾਮ ਦਿੱਤਾ ਗਿਆ।
ਬੁਲਾਰੇ ਨੇ ਦੱਸਿਆ ਕਿ ਇਸ ਤਲਾਸ਼ੀ ਮੁਹਿੰਮ ਦੌਰਾਨ ਲਗਭਗ 1,45,000 ਲੀਟਰ ਲਾਹਣ ਬਰਾਮਦ ਕੀਤੀ ਗਈ ਅਤੇ ਨਦੀ ਦੇ ਕਿਨਾਰਿਆਂ ਦੇ ਬਾਹਰ ਲਾਵਾਰਿਸ ਹੋਣ ਕਾਰਨ ਮੌਕੇ ‘ਤੇ ਨਸ਼ਟ ਕਰ ਦਿੱਤੀ ਗਈ, 18 ਤੋਂ ਵੱਧ ਅਸਥਾਈ ਚੁੱਲੇ ਜਿੰਨ੍ਹਾਂ ਦੀ ਵਰਤੋਂ ਭੱਠੀ ਵਜੋਂ ਕੀਤੀ ਜਾਂਦੀ ਸੀ ਅਤੇ ਇੰਨ੍ਹਾਂ ਲਈ ਵਰਤੀ ਜਾਣ ਵਾਲੀ 8 ਕੁਇੰਟਲ ਲੱਕੜ ਵੀ ਮੌਕੇ ‘ਤੇ ਨਸ਼ਟ ਕੀਤੀ ਗਈ, ਜਦੋੰ ਕਿ 6 ਵੱਡੇ ਲੋਹੇ ਦੇ ਡਰੰਮ, 2 ਬਰਤਨ ਅਤੇ ਤਿੰਨ ਪਾਈਪਾਂ ਜ਼ਬਤ ਕਰ ਲਈਆ ਗਈਆਂ।
ਇਸ ਤਲਾਸ਼ੀ ਮੁਹਿੰਮ ਵਿੱਚ ਸ਼ਾਮਲ ਆਬਕਾਰੀ ਅਤੇ ਪੁਲਿਸ ਟੀਮਾਂ ਨੂੰ ਵਧਾਈ ਦਿੰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਭਾਗ ਨੂੰ ਹਦਾਇਤ ਕੀਤੀ ਕਿ ਸ਼ਰਾਬ ਦੇ ਨਾਜਾਇਜ਼ ਕਾਰੋਬਾਰ ਤੇ ਕਾਰਵਾਈਆਂ ਖ਼ਿਲਾਫ਼ ਮੁਹਿੰਮ ਨੂੰ ਹੋਰ ਤੇਜ ਕੀਤਾ ਜਾਵੇ।