ਚੰਡੀਗੜ੍ਹ: ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਵੱਲੋਂ ਐਕਸਟਰਾ ਨਿਊਟ੍ਰਲ ਅਲਕੋਹਲ (ਈ.ਐਨ.ਏ.) ਦੇ ਨਜਾਇਜ਼ ਧੰਦੇ ਵਿਰੁੱਧ ਰਾਜ ਵਿਆਪੀ ਮੁਹਿੰਮ ਸ਼ੁਰੂ ਕਰਨ ਲਈ ਜਾਰੀ ਕੀਤੀਆਂ ਹਦਾਇਤਾਂ ‘ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਆਬਕਾਰੀ ਵਿਭਾਗ ਅਤੇ ਜ਼ਿਲ੍ਹਾ ਪੁਲਿਸ ਪਟਿਆਲਾ ਨੇ ਸਾਂਝੇ ਤੌਰ ‘ਤੇ ਕਾਰਵਾਈ ਕਰਦੇ ਹੋਏ ਪੰਜਾਬ ਅਤੇ ਗੁਆਂਢੀ ਰਾਜਾਂ ਵਿੱਚ ਐਕਸਟਰਾ ਨਿਊਟ੍ਰਲ ਅਲਕੋਹਲ (ਈ.ਐਨ.ਏ) ਦੀ ਤਸਕਰੀ ਅਤੇ ਗੈਰ-ਕਾਨੂੰਨੀ ਵਿਕਰੀ ਵਿੱਚ ਸ਼ਾਮਲ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਗਿਰੋਹ ਤੋਂ 35000 ਲੀਟਰ ਈਐਨਏ ਭਰਿਆ ਇੱਕ ਟੈਂਕਰ ਜ਼ਬਤ ਕੀਤਾ ਗਿਆ।
ਆਬਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਪ੍ਰਾਪਤੀ ਉਪਰੰਤ ਆਬਕਾਰੀ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇਸ ਮਾਮਲੇ ਨਾਲ ਸਬੰਧਤ ਸਾਰੀਆਂ ਕੜੀਆਂ ਦੀ ਡੂੰਘਾਈ ਨਾਲ ਜਾਂਚ ਕਰਨ ਤਾਂ ਜੋ ਈਐਨਏ ਦੇ ਸਪਲਾਇਰਾਂ ਅਤੇ ਪ੍ਰਾਪਤਕਰਤਾਵਾਂ ਦਾ ਮੁਕੰਮਲ ਪਰਦਾਫਾਸ਼ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸ਼ਰਾਬ ਦੀ ਤਸਕਰੀ ਜਾਂ ਆਬਕਾਰੀ ਨਾਲ ਸਬੰਧਤ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਹੈ ਅਤੇ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਹ ਜਾਣਕਾਰੀ ਦਿੰਦਿਆਂ ਆਬਕਾਰੀ ਵਿਭਾਗ ਦੇ ਇਕ ਸਰਕਾਰੀ ਬੁਲਾਰੇ ਨੇ ਅੱਜ ਇਥੇ ਦੱਸਿਆ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵਿਭਾਗ ਦੀ ਬੀਤੇ ਮੰਗਲਵਾਰ ਨੂੰ ਹੋਈ ਸਮੀਖਿਆ ਮੀਟਿੰਗ ਦੌਰਾਨ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਆਬਕਾਰੀ ਵਿਭਾਗ ਅਤੇ ਜ਼ਿਲ੍ਹਾ ਪੁਲਿਸ ਪਟਿਆਲਾ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸ.ਓ.ਜੀ.) ਦੀਆਂ ਸਾਂਝੀਆਂ ਟੀਮਾਂ ਦਾ ਗਠਨ ਕਰਕੇ 24 ਘੰਟੇ ਨਿਗਰਾਨੀ ਨੂੰ ਯਕੀਨੀ ਬਣਾਇਆ ਗਿਆ ਸੀ। ਇਨ੍ਹਾਂ ਟੀਮਾਂ ਨੇ ਬੀਤੇ ਦਿਨ ਇਹ ਸੂਚਨਾ ਮਿਲਣ ‘ਤੇ ਕਿ ਇੱਕ ਸੰਗਠਿਤ ਗਿਰੋਹ ਈ.ਐਨ.ਏ ਦੀ ਗੈਰ-ਕਾਨੂੰਨੀ ਵਿਕਰੀ ਅਤੇ ਤਸਕਰੀ ਵਿੱਚ ਸ਼ਾਮਲ ਹੈ, ਤੇ ਕਾਰਵਾਈ ਕਰਦਿਆਂ ਲਗਭਗ 35000 ਲੀਟਰ ਈਐਨਏ ਜਿਸ ਦੀ ਕੀਮਤ ਲਗਭਗ 3.5 ਕਰੋੜ ਰੁਪਏ ਬਣਦੀ ਹੈ, ਲੈ ਕੇ ਜਾ ਰਹੇ ਇੱਕ ਟੈਂਕਰ ਨੂੰ ਜ਼ਬਤ ਕੀਤਾ।
ਇਸ ਅਪ੍ਰੇਸ਼ਨ ਬਾਰੇ ਹੋਰ ਖੁਲਾਸਾ ਕਰਦਿਆਂ ਬੁਲਾਰੇ ਨੇ ਦੱਸਿਆ ਕਿ ਇਸ ਕਾਰਵਾਈ ਦੌਰਾਨ ਟੀਮਾਂ ਨੇ ਦੇਖਿਆ ਕਿ ਇੱਕ ਟੈਂਕਰ ਨੇ ਰਾਜਪੁਰਾ ਪਹੁੰਚਣ ਤੋਂ ਬਾਅਦ ਆਪਣਾ ਰੂਟ ਮੋੜ ਕੇ ਰਾਜਪੁਰਾ-ਚੰਡੀਗੜ੍ਹ ਰੋਡ ਵੱਲ ਕਰ ਲਿਆ। ਟੀਮਾਂ ਨੇ ਬਨੂੜ ਨੇੜੇ ਟੈਂਕਰ ਨੂੰ ਰੋਕਣ ਤੇ ਪਾਇਆ ਕਿ ਟੈਂਕਰ ਦਾ ਟਰਾਂਸਪੋਰਟਰ ਉਹ ਈਐਨਏ ਜੋ ਕਿ ਗੋਆ ਰਾਜ ਵਿੱਚ ਲਿਜਾਣ ਲਈ ਸੀ, ਵਿੱਚੋਂ ਕੁਝ ਈ.ਐਨ.ਏ ਰਾਜਪੁਰਾ ਵਿਖੇ ਚੋਰੀ ਵੇਚਦਾ ਸੀ ਅਤੇ ਬਾਕੀ ਦੀ ਖੇਪ ਇੱਕ ਵਿਚੋਲੇ ਰਾਹੀਂ, ਜੋ ਕਿ ਪਹਿਲਾਂ ਚੰਡੀਗੜ੍ਹ ਵਿਖੇ ਸ਼ਰਾਬ ਦਾ ਠੇਕੇਦਾਰ ਸੀ, ਰਾਹੀਂ ਚੰਡੀਗੜ੍ਹ ਦੇ ਬੌਟਲਿੰਗ ਪਲਾਂਟਾਂ ਨੂੰ ਵੇਚਦਾ ਸੀ।
ਬੁਲਾਰੇ ਨੇ ਦੱਸਿਆ ਕਿ 2000 ਲੀਟਰ ਈਐਨਏ ਦੀ ਖੇਪ ਜੋ ਕਿ 22 ਅਗਸਤ ਨੂੰ ਖੰਨਾ ਵਿਖੇ ਜ਼ਬਤ ਕੀਤੀ ਗਈ ਸੀ, ਇਸੇ ਗਿਰੋਹ ਵੱਲੋਂ ਹੀ ਅੰਮ੍ਰਿਤਸਰ ਦੀ ਇੱਕ ਪਾਰਟੀ ਨੂੰ ਵੇਚੀ ਗਈ ਸੀ ਜੋ ਕਿ ਅੱਗੇ ਇਸ ਤੋਂ ਨਾਜਾਇਜ਼ ਸ਼ਰਾਬ ਤਿਆਰ ਕਰਦੀ ਸੀ। ਇਹ ਗਿਰੋਹ ਪੰਜਾਬ ਵਿੱਚ ਹੋਰ ਵੀ ਕਈ ਗੈਰ-ਸਮਾਜੀ ਤੱਤਾਂ ਨੂੰ ਚੋਰੀ ਈ.ਐਨ.ਏ. ਵੇਚਣ ਵਿੱਚ ਸ਼ਾਮਿਲ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਟਰਾਂਸਪੋਰਟਰ ਜਵਾਹਰ ਸਿੰਘ, ਉਸਦੇ ਸਾਥੀ ਸੰਜੀਵ ਕੁਮਾਰ, ਨਿਸ਼ਾਂਤ, ਵਰਿੰਦਰ ਚੌਹਾਨ ਅਤੇ ਗੁਰਚਰਨ ਸਿੰਘ ਖਿਲਾਫ ਪਟਿਆਲਾ ਜ਼ਿਲੇ ਦੇ ਬਨੂੜ ਪੁਲਸ ਸਟੇਸ਼ਨ ‘ਚ ਐੱਫ.ਆਈ.ਆਰ. ਦਰ਼ਜ਼ ਕਰ ਲਈ ਗਈ ਹੈ।