Skip to main content

ਜਲੰਧਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਰਾਜ ਵਿਚ ਨਾਇਬ ਤਹਿਸੀਲਦਾਰਾਂ ਦੀ ਭਰਤੀ ਸਮੇਤ ਭਰਤੀ ਦੇ ਹੋਏ ਵਾਰ ਵਾਰ ਘੁਟਾਲਿਆਂ ਨੇ ਕਠਪੁਤਲੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਕਾਬ ਕਰ ਦਿੰਤਾ ਹੈ ਤੇ ਇਹ ਵੀਸਾਬਤ ਕਰ ਦਿੱਤਾ ਹੈ ਕਿ ਉਹਨਾਂ ਦੀ ਸਰਕਾਰ ਭ੍ਰਿਸ਼ਟਾਚਾਰ ਵਿਚ ਡੁੱਬੀ ਹੈ। ਯਾਦ ਰਹੇ ਕਿ ਸਰਕਾਰ ਨੇ ਅੱਜ ਹਾਈ ਕੋਰਟ ਵਿਚ ਆਪ ਮੰਨਿਆ ਹੈ ਕਿ ਨਾਇਬ ਤਹਿਸੀਲਦਾਰਾਂ ਦੀ ਭਰਤੀ ਵਿਚ ਘੁਟਾਲੇ ਹੋਏ ਜਿਸ ਕਾਰਨ ਇਹ ਭਰਤੀ ਪ੍ਰਕਿਰਿਆ ਰੱਦ ਕੀਤੀ ਹੈ।

ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਉੱਚੀ ਉੱਚੀ ਰੌਲਾ ਪਾ ਕੇ ਇਹ ਦਾਅਵਾ ਕੀਤਾ ਸੀ ਕਿ ਇਹ ਸਿਰਫ ਮੈਰਿਟ ਦੇ ਆਧਾਰ ’ਤੇ ਵਿਦਿਆਰਥੀਆਂ ਨੁੰ ਨੌਕਰੀ ਦੇਵੇਗੀ। ਉਹਨਾਂ ਕਿਹਾ ਕਿ ਅਜਿਹਾ ਕਰਨ ਦੀ ਤਾਂ ਗੱਲ ਹੀ ਛੱਡੋ ਜਿਸ ਢੰਗ ਨਾਲ ਸਰਕਾਰ ਨੇ ਭਰਤੀ ਕੀਤੀਹੈ, ਉਸ ਤੋਂ ਸਾਬਤ ਹੋ ਰਿਹਾ ਹੈ ਕਿ ਆਪ ਸਰਕਾਰ ਨੂੰ ਨੌਜਵਾਨਾਂ ਦੀ ਭਲਾਈ ਦੀ ਕੋਈ ਪਰਵਾਹ ਨਹੀਂ ਹੈ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਵੱਖ-ਵੱਖ ਵਰਗਾਂ ਵਾਸਤੇ ਭਰਤੀ ਪ੍ਰਕਿਰਿਆ ਵਿਚ ਭ੍ਰਿਸ਼ਟਾਚਾਰ ਨੇ ਨੌਜਵਾਨਾਂ ਦਾ ਮਨੋਬਲ ਡੇਗਿਆ ਹੈ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਲੱਖਾਂ ਨੌਕਰੀਆਂ ਦੇ ਵਾਅਦੇ ਕੀਤੇ ਗਏ ਪਰ ਆਪ ਸਰਕਾਰ ਨੇ ਸਰਕਾਰੀ ਵਿਭਾਗਾਂ ਵਿਚ ਵੀ ਖਾਲੀ ਪਈਆਂ ਆਸਾਮੀਆਂ ਨਹੀਂ ਭਰੀਆਂ। ਉਹਨਾਂ ਕਿਹਾ ਕਿ ਠੇਕੇ ’ਤੇ ਭਰਤੀ 30 ਹਜ਼ਾਰ ਮੁਲਾਜ਼ਮ ਸੇਵਾਵਾਂ ਰੈਗੂਲਰ ਹੋਣ ਦੀ ਉਡੀਕ ਕਰ ਰਹੇ ਹਨ।

ਸਰਦਾਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਡਰਾਮੇਬਾਜ਼ੀ ਕਰਨ ਅਤੇ ਸਰਕਾਰੀ ਖਜ਼ਾਨੇ ਦੀ ਕੀਮਤ ’ਤੇ ਨਾਂ ਬਦਲੀ ਮੁਹਿੰਮ ਵਿੱਢਣ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਪਹਿਲਾਂ ਪਿਛਲੀ ਅਕਾਲੀ ਦਲ ਦੀ ਸਰਕਾਰ ਵੱਲੋਂ ਸਥਾਪਿਤ ਸੇਵਾ ਕੇਂਦਰਾਂ ਦੇ ਨਾਂ ਮੁਹੱਲਾ ਕਲੀਨਿਕਾਂ ਵਿਚ ਬਦਲੇ ਗਏ। ਹੁਣ 540 ਪੇਂਡੂ ਡਿਸਪੈਂਸਰੀਆਂ ਦੇ ਨਾਂ ਮੁਹੱਲਾ ਕਲੀਨਿਕ ਕਰ ਦਿੱਤੇ ਗਏ ਹਨ ਜਿਸਦੀ ਬਹੁਤ ਭਾਰੀ ਕੀਮਤ ਤਾਰੀ ਗਈ ਹੈ। ਉਹਨਾਂ ਕਿਹਾ ਕਿ ਰੁਝੇਵਿਆਂ ਭਰਪੂਰ ਹਸਪਤਾਲਾਂ ਵਿਚ ਕੰਮ ਕਰਦੇ ਡਾਕਟਰਾਂ ਨੂੰ ਇਹਨਾਂ ਕਲੀਨਿਕਾਂ ਵਿਚ ਡਿਊਟੀ ਕਰਨ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਇਹੀ ਤਰੀਕਾ ਸਕੂਲ ਆਫ ਐਮੀਨੈਂਸ ਸਥਾਪਿਤ ਕਰਨ ਵਾਸਤੇ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਥਾਪਿਤ ਕੀਤੇ ਮੈਰੀਟੋਰੀਅਸ ਸਕੂਲਾਂ ਦਾ ਨਾਂ ਬਦਲ ਕੇ ਨਵਾਂ ਦਿੱਤਾ ਜਾ ਰਿਹਾ ਹੈ।

ਉਹਨਾਂ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਇਕ ਵੀ ਡਿਸਪੈਂਸਰੀ, ਸਕੂਲ ਜਾਂ ਇਮਾਰਤ ਦਾ ਨਾਂ ਦੱਸਣ ਜੋ ਉਹਨਾਂ ਦੀ ਸਰਕਾਰ ਨੇ ਬਣਾਈ ਹੋਵੇ। ਉਹਨਾਂ ਕਿਹਾ ਕਿ ਅਸੀਂ ਵੇਖ ਰਹੇ ਹਾਂ ਕਿ ਸੂਬੇ ਵਿਚ ਸਿਹਤ ਤੇ ਸਿੱਖਿਆ ਸੈਕਟਰ ਤਬਾਹ ਕੀਤਾ ਜਾ ਰਿਹਾ ਹੈ।

ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਆਪ ਸਰਕਾਰ ਨੇ ਪੀ ਐਸ ਪੀ ਸੀ ਐਲ ਨੂੰ ਕੰਗਾਲ ਕਰ ਕੇ ਸੂਬੇ ਨੂੰ ਹਨੇਰੇ ਦੇ ਦੌਰ ਵਿਚ ਧੱਕਿਆ ਹੈ। ਉਹਨਾਂ ਕਿਹਾ ਕਿ ਸਰਕਾਰ ਨਾ ਤਾਂ ਬਿਜਲੀ ਕੰਪਨੀ ਦੀ 4870 ਕਰੋੜ ਰੁਪਏ ਦੀ ਸਬਸਿਡੀ ਰਿਲੀਜ਼ ਕਰ ਰਹੀਹੈ ਤੇ ਨਾ ਹੀ ਸਰਕਾਰੀ ਵਿਭਾਗਾਂ ਦੇ ਬਕਾਇਆ ਪਏ 2605 ਕਰੋੜ ਰੁਪਏ ਦੇ ਬਿਜਲੀ ਬਿੱਲਾਂ ਦੀ ਅਦਾਇਗੀ ਕਰ ਰਹੀਹੈ। ਉਹਨਾਂ ਕਿਹਾ ਕਿ ਜਿਸ ਤਰੀਕੇ ਪੀ ਐਸ ਪੀ ਸੀ ਐਲ ਕੋਲ ਫੰਡਾਂ ਦੀ ਤੋਟ ਹੈ ਅਤੇ ਉਹ ਸਰਦੀਆਂ ਵਿਚ ਬਿਜਲੀ ਕੱਟ ਲਾਉਣ ਲਈ ਮਜਬੂਰ ਹੈ, ਇਸ ਤੋਂ ਪ੍ਰਤੱਖ ਹੈ ਕਿ ਗਰਮੀਆਂ ਖਾਸ ਤੌਰ ’ਤੇ ਝੋਨੇ ਦੇ ਸੀਜ਼ਨ ਵਿਚ ਹਾਲਾਤ ਬਦ ਤੋਂ ਬਦਤਰ ਹੋ ਸਕਦੇ ਹਨ।

ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਆਪ ਸਰਕਾਰ ਦੀ ਨਵੀਂ ਉਦਯੋਗਿਕ ਨੀਤੀ ਉਦਯੋਗ ਖੇਤਰ ਨੇ ਰੱਦ ਕਰ ਦਿੱਤੀ ਹੈ ਤੇ ਇਸ ਕਾਰਨ ਉਦਯੋਗ ਗੁਆਂਢੀ ਰਾਜ ਨੂੰ ਜਾ ਰਹੇ ਹਨ।ਉਹਨਾਂ ਕਿਹਾ ਕਿ ਅਜਿਹਾ ਇਸ ਕਰ ਕੇ ਵੀ ਹੋ ਰਿਹਾ ਹੈ ਕਿਉਂਕਿ ਨਵੀਂ ਨੀਤੀ ਤਹਿਤ ਕੋਈ ਪ੍ਰੋਤਸਾਹਨ ਨਹੀਂ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਨਵੀਂ ਨੀਤੀ ਤਹਿਤ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਅਤੇ ਇਸੇ ਕਾਰਨ ਉਦਯੋਗਪਤੀ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਵਿਚ ਜਾਣਾ ਬੇਹਤਰ ਸਮਝ ਰਹੇ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਉਦਯੋਗਪਤੀ ਇਸ ਕਰ ਕੇ ਵੀ ਉੱਤਰ ਪ੍ਰਦੇਸ਼ ਜਾ ਰਹੇ ਹਨ ਕਿਉਂਕਿ ਵਿਚ ਕਾਨੂੰਨ ਵਿਵਸਥਾ ਦੇ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ।

Leave a Reply