ਚੰਡੀਗੜ੍ਹ: ਵਿਧਾਨ ਸਭਾ ਤੋਂ ਵਾਕਆਊਟ ਕਰਨ ਤੋਂ ਬਾਅਦ, ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਬੁੱਧਵਾਰ ਨੂੰ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ‘ਤੇ ‘ਵਾਰਿਸ ਪੰਜਾਬ ਦੇ’ ਸੰਗਠਨ ਦੇ ਕਾਰਕੁਨਾਂ ਨੂੰ ਫੜਨ ਲਈ ਸ਼ੁਰੂ ਕੀਤੀ ਗਈ ਕਾਰਵਾਈ ਨਾਲ ਸਬੰਧਤ ਗ਼ਲਤ ਅਤੇ ਗੁੰਮਰਾਹਕੁੰਨ ਜਾਣਕਾਰੀ ਪ੍ਰਦਾਨ ਕਰਨ ਲਈ ਤਿੱਖਾ ਹਮਲਾ ਕੀਤਾ।
ਵਿਧਾਨ ਸਭ ਦੇ ਬਾਹਰ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਇਸ ਕਾਰਵਾਈ ਪਿੱਛੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ‘ਆਪ’ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੋਵਾਂ ਦੇ ਆਪਣੇ ਗੁਪਤ ਮਨੋਰਥ ਹਨ। ਦੋਵਾਂ ਸਰਕਾਰਾਂ ਦਾ ਇਰਾਦਾ ਪੰਜਾਬ ਅਤੇ ਰਾਸ਼ਟਰੀ ਪੱਧਰ ‘ਤੇ ਵਾਪਰ ਰਹੀਆਂ ਮੌਜੂਦਾ ਘਟਨਾਵਾਂ ਤੋਂ ਲੋਕਾਂ ਦਾ ਧਿਆਨ ਭਟਕਾਉਣਾ ਸੀ।
ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਲਈ ਹਿੰਡਨਬਰਗ ਦੀਆਂ ਅਡਾਨੀ ਗਰੁੱਪ ‘ਤੇ ਰਿਪੋਰਟਾਂ ਤੋਂ ਬਾਅਦ ਵਿਰੋਧੀ ਧਿਰ ਦਾ ਸਾਹਮਣਾ ਕਰਨਾ ਮੁਸ਼ਕਲ ਹੋ ਗਿਆ ਹੈ। ਬਾਜਵਾ ਨੇ ਸੀਐਮ ਭਗਵੰਤ ਮਾਨ ‘ਤੇ ਭਾਜਪਾ ਦੇ ਹੱਥ ਦਾ ਪਿਆਦਾ ਬਣਨ ਦਾ ਵੀ ਦੋਸ਼ ਲਾਇਆ।
‘ਆਪ’ ਸਰਕਾਰ ਨੇ ਜਾਣਬੁੱਝ ਕੇ ਇਹ ਕਾਰਵਾਈ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਵਿੱਚ ਸ਼ੁਰੂ ਕੀਤੀ ਸੀ। ਇਸ ਨੂੰ ਸਫਲ ਆਪਰੇਸ਼ਨ ਘੋਸ਼ਿਤ ਕਰਕੇ, ਮੁੱਖ ਮੰਤਰੀ ਮਾਨ ਆਉਣ ਵਾਲੀਆਂ ਜਲੰਧਰ ਜ਼ਿਮਨੀ ਚੋਣਾਂ ਵਿੱਚ ਫਾਇਦਾ ਉਠਾਉਣਾ ਚਾਹੁੰਦੇ ਸਨ”, ਵਿਰੋਧੀ ਧਿਰ ਦੇ ਆਗੂ ਨੇ ਅੱਗੇ ਕਿਹਾ।
ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਸਵੇਰੇ ਉਸ ਦੇ ਪਿੰਡ ਤੋਂ ਆਸਾਨੀ ਨਾਲ ਗ੍ਰਿਫਤਾਰ ਕੀਤਾ ਜਾ ਸਕਦਾ ਸੀ, ਜਦੋਂ ਕਿ ਉਸ ਨਾਲ ਸਿਰਫ 35 ਤੋਂ 40 ਲੋਕ ਹੀ ਸਨ। ਇਸ ਤੋਂ ਇਲਾਵਾ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਦੋ ਬੈਕ-ਟੂ-ਬੈਕ ਇੰਟਰਵਿਊ ਟੈਲੀਕਾਸਟ ਹੋਣ ਤੋਂ ਬਾਅਦ ਮੁੱਖ ਮੰਤਰੀ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੇ ਲੋਕ ਇਸ ਬਾਰੇ ਮੁੱਖ ਮੰਤਰੀ ਤੋਂ ਜਵਾਬ ਚਾਹੁੰਦੇ ਸਨ। ਇਸ ਲਈ ਉਹ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦਾ ਸੀ।
ਬਾਜਵਾ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਖੁਫੀਆ ਤੰਤਰ ਦੀ ਅਸਫਲਤਾ ਹੈ। ਪੰਜਾਬ ਪੁਲਿਸ ਕੋਲ 80,000 ਜਵਾਨ ਹਨ। ਅਰਧ ਸੈਨਿਕ ਬਲਾਂ ਨਾਲ ਸਾਂਝੇ ਆਪ੍ਰੇਸ਼ਨ ਵਿੱਚ, ਪੰਜਾਬ ਪੁਲਿਸ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਨਹੀਂ ਕਰ ਸਕੀ।
“ਇਹ ਪੰਜਾਬ ਦੇ ਮੁੱਖ ਮੰਤਰੀ ਲਈ ਬਹੁਤ ਸ਼ਰਮਨਾਕ ਹੈ। ਇੱਥੋਂ ਤੱਕ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਇਸ ਦਾ ਗੰਭੀਰ ਨੋਟਿਸ ਲਿਆ ਹੈ,” ਵਿਰੋਧੀ ਧਿਰ ਦੇ ਆਗੂ ਨੇ ਅੱਗੇ ਕਿਹਾ।
ਬਾਜਵਾ ਨੇ ਅੱਗੇ ਕਿਹਾ, “ਇੱਕ ਜੇਲ੍ਹ ਮੰਤਰੀ, ਗ੍ਰਹਿ ਮੰਤਰੀ ਅਤੇ ਇੱਕ ਮੁੱਖ ਮੰਤਰੀ ਵਜੋਂ ਉਨ੍ਹਾਂ ਨੂੰ ਲਾਰੈਂਸ ਬਿਸ਼ਨੋਈ ਦੀਆਂ ਇੰਟਰਵਿਊਆਂ ਲਈ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।”
ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਨੇ ਜਾਣ-ਬੁੱਝ ਕੇ ਇਸ ਕਾਰਵਾਈ ਲਈ 18 ਮਾਰਚ ਦੀ ਤਰੀਕ ਚੁਣੀ ਕਿਉਂਕਿ ਉਹ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਬਰਸੀ ਦੇ ਪ੍ਰੋਗਰਾਮ, ਜੋ ਕਿ 19 ਮਾਰਚ ਨੂੰ ਸੀ, ਨੂੰ ਸਬੋਟਾਜ ਕਰਨਾ ਚਾਹੁੰਦੇ ਸਨ।
“ਉਹ (ਮੁੱਖ ਮੰਤਰੀ) ਹਾਲ ਹੀ ਵਿੱਚ ਪੰਜਾਬੀ ਭਾਸ਼ਾ ਦੇ ਝੰਡਾਬਰਦਾਰ ਬਣ ਗਏ ਅਤੇ ਪੰਜਾਬ ਵਿੱਚ ਸਾਈਨ ਬੋਰਡਾਂ ਨਾਲ ਸਬੰਧਤ ਇੱਕ ਆਦੇਸ਼ ਪਾਸ ਕੀਤਾ। ਇਸ ਕਾਰਵਾਈ ਤੋਂ ਬਾਅਦ ਉਨ੍ਹਾਂ (ਮੁੱਖ ਮੰਤਰੀ) ਨੇ ਪੰਜਾਬ ਦੇ ਲੋਕਾਂ ਨੂੰ ਹਿੰਦੀ ਭਾਸ਼ਾ ਵਿੱਚ ਸੰਬੋਧਨ ਕੀਤਾ। ਕੀ ਉਹ ਹੁਣ ਆਪਣੀ ਭਾਸ਼ਾ ਹੀ ਭੁੱਲ ਗਏ ਹਨ?