ਜਲੰਧਰ: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਇਤਿਹਾਸਕ ਜਿੱਤ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਸ ਜਿੱਤ ਲਈ ਜਲੰਧਰ ਵਾਸੀਆਂ ਦਾ ਧੰਨਵਾਦ ਕੀਤਾ ਹੈ।
ਸ਼ਨੀਵਾਰ ਨੂੰ ਨਤੀਜਿਆਂ ਤੋਂ ਬਾਅਦ ਜਲੰਧਰ ‘ਚ ਮੀਡੀਆ ਨੂੰ ਸੰਬੋਧਨ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਲੰਧਰ ਦੇ ਲੋਕਾਂ ਨੇ ਸੁਸ਼ੀਲ ਰਿੰਕੂ ਨੂੰ ਜਿਤਾ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦੇ ਕੰਮ ‘ਤੇ ਮੋਹਰ ਲਾ ਦਿੱਤੀ ਹੈ। ਲੋਕਾਂ ਨੇ ਪਿਛਲੇ ਇੱਕ ਸਾਲ ਦੌਰਾਨ ‘ਆਪ’ ਸਰਕਾਰ ਵੱਲੋਂ ਬਣਾਏ ਮੁਹੱਲਾ ਕਲੀਨਿਕ, ਸਕੂਲ ਆਫ਼ ਐਮੀਨੈਂਸ, 300 ਯੂਨਿਟ ਮੁਫ਼ਤ ਬਿਜਲੀ ਅਤੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇ ਆਧਾਰ ‘ਤੇ ਵੋਟਾਂ ਪਾਈਆਂ।
ਵਿੱਤ ਮੰਤਰੀ ਹਰਪਾਲ ਚੀਮਾ ਦੇ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਹਰਭਜਨ ਸਿੰਘ ਈ.ਟੀ.ਓ., ਹਰਜੋਤ ਬੈਂਸ, ਕੁਲਦੀਪ ਸਿੰਘ ਧਾਲੀਵਾਲ, ‘ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ, ਰਮਨ ਅਰੋੜਾ, ਮਨਵਿੰਦਰ ਸਿੰਘ ਗਿਆਸਪੁਰਾ, ਸ਼ੈਰੀ ਕਲਸੀ, ਡੀਸੀਪੀ ਬਲਕਾਰ ਸਿੰਘ, ਇੰਦਰਜੀਤ ਕੌਰ ਮਾਨ, ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਸਿੰਘ, ‘ਆਪ’ ਆਗੂ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮੰਗਲ ਸਿੰਘ ਅਤੇ ਮਿਲਕਫੈੱਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਹਾਜ਼ਰ ਸਨ।
ਵਿਰੋਧੀ ਪਾਰਟੀਆਂ ‘ਤੇ ਹਮਲਾ ਕਰਦਿਆਂ ਚੀਮਾ ਨੇ ਕਿਹਾ ਕਿ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਆਗੂਆਂ ਨੇ ਚੋਣ ਪ੍ਰਚਾਰ ਦੌਰਾਨ ਮਾੜੀ ਰਾਜਨੀਤੀ ਕੀਤੀ, ਸਾਡੇ ‘ਤੇ ਕਈ ਤਰ੍ਹਾਂ ਦੇ ਝੂਠੇ ਦੋਸ਼ ਲਾਏ ਅਤੇ ਬਹਿਸਾਂ ਰਾਹੀਂ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਲੰਧਰ ਦੇ ਲੋਕਾਂ ਨੇ ਉਨ੍ਹਾਂ ਦੀ ਨਾਂਹ-ਪੱਖੀ ਰਾਜਨੀਤੀ ਨੂੰ ਨਕਾਰਦਿਆਂ ਆਮ ਆਦਮੀ ਪਾਰਟੀ ਦੀ ਕੰਮ ਦੀ ਰਾਜਨੀਤੀ ਨੂੰ ਚੁਣਿਆ।
ਉਨ੍ਹਾਂ ਕਿਹਾ ਕਿ ਸਾਨੂੰ ਪਹਿਲਾਂ ਤੋਂ ਹੀ ਭਰੋਸਾ ਸੀ ਕਿ ਜਲੰਧਰ ਦੇ ਲੋਕ ‘ਆਪ’ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਜ਼ਰੂਰ ਚੁਣਨਗੇ ਅਤੇ ਉਨ੍ਹਾਂ ਨੂੰ ਵੱਡੇ ਫਰਕ ਨਾਲ ਜਿਤਾ ਕੇ ਲੋਕ ਸਭਾ ਵਿੱਚ ਭੇਜਣਗੇ। ਆਪ ਦੇ ਉਮੀਦਵਾਰ ਨੂੰ ਜਿਤਾਉਣ ਲਈ ਸਾਰੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਜਲੰਧਰ ਵਾਸੀਆਂ ਦੇ ਧੰਨਵਾਦੀ ਹਨ। ਆਮ ਆਦਮੀ ਪਾਰਟੀ ਦੀ ਤਰਫੋਂ ਅਸੀਂ ਲੋਕ ਸਭਾ ਵਿੱਚ ਆਮ ਆਦਮੀ ਪਾਰਟੀ ਨੂੰ ਦੁਬਾਰਾ ਐਂਟਰੀ ਕਰਵਾਉਣ ਲਈ ਜਲੰਧਰ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ।